ਆਦਿ ਗ੍ਰੰਥ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਆਦਿ ਗ੍ਰੰਥ : ਆਦਿ ਗ੍ਰੰਥ ਅਧਿਆਤਮਿਕ ਰੰਗ ਦੀ ਪੰਜਾਬੀ ਦੀ ਸ੍ਰੇਸ਼ਟ ਸਾਹਿਤ ਰਚਨਾ ਹੋਣ ਦੇ ਨਾਲ-ਨਾਲ ਧਾਰਮਿਕ ਗ੍ਰੰਥ ਵੀ ਹੈ ਜਿਸ ਨੂੰ ਸਿੱਖ ਜਗਤ ਵਿੱਚ ਗੁਰੂ ਸਮਾਨ ਮਾਨਤਾ ਪ੍ਰਾਪਤ ਹੈ। ਆਦਿ ਗ੍ਰੰਥ ਨੂੰ ਗ੍ਰੰਥ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਵੀ ਕਿਹਾ ਜਾਂਦਾ ਹੈ। ਕੋਈ 50 ਕੁ ਸਾਲ ਪਹਿਲਾਂ ਤੱਕ ਪਿੰਡਾਂ ਵਿੱਚ ਇਹਨੂੰ ‘ਵੱਡਾ ਮਹਾਰਾਜ` ਅਤੇ ਦਸਮ ਗ੍ਰੰਥ ਨੂੰ ‘ਛੋਟਾ ਮਹਾਰਾਜ` ਕਹਿੰਦੇ ਸੀ।

     ਗੁਰੂ ਗ੍ਰੰਥ ਸਾਹਿਬ ਵਜੋਂ ਪਹਿਲੇ ਪੰਜ ਗੁਰੂ ਸਾਹਿਬਾਨ ਅਤੇ ਭਗਤ ਬਾਣੀ ਆਦਿ ਦਾ ਸੰਕਲਨ ਗੁਰੂ ਅਰਜਨ ਦੇਵ ਨੇ ਤਿਆਰ ਕੀਤਾ ਜਿਸ ਨੂੰ ਭਾਦੋਂ ਸੁਦੀ ਇੱਕ ਸੰਮਤ 1661 (ਸੰਨ 1604) ਵਿੱਚ ਹਰਿਮੰਦਰ ਸਾਹਿਬ ਵਿੱਚ ਸਥਾਪਿਤ ਕੀਤਾ ਗਿਆ। ਇਸ ਵਿੱਚ ਗੁਰੂ ਤੇਗ਼ ਬਹਾਦਰ ਦੀ ਬਾਣੀ ਦਸਵੇਂ ਪਾਤਿਸ਼ਾਹ ਨੇ ਸ਼ਾਮਲ ਕੀਤੀ।

     ਗੁਰੂ ਗ੍ਰੰਥ ਸਾਹਿਬ ਦੀਆਂ ਕਈ ਪ੍ਰਾਚੀਨ ਬੀੜਾਂ ਮਿਲਦੀਆਂ ਹਨ। ਜਿਸ ਬੀੜ ਦਾ ਗੁਰਦਵਾਰਿਆਂ ਵਿੱਚ ਪ੍ਰਕਾਸ਼ ਹੁੰਦਾ ਹੈ, ਉਹਨੂੰ ਦਮਦਮੀ ਬੀੜ ਕਹਿੰਦੇ ਹਨ ਜਿਸਨੂੰ ਗੁਰੂ ਗੋਬਿੰਦ ਸਿੰਘ ਨੇ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਤਿਆਰ ਕਰਵਾਇਆ ਸੀ। ਕਈ ਕਰਤਾਰਪੁਰ (ਜਲੰਧਰ) ਵਾਲੀ ਬੀੜ ਨੂੰ ਮੌਲਿਕ ਮੰਨਦੇ ਹਨ। ਇੱਕ ਹੋਰ ਪ੍ਰਸਿੱਧ ਬੀੜ ਭਾਈ ਬੰਨੋ ਵਾਲੀ ਹੈ।

     ਸਿੱਖ ਗੁਰਦਵਾਰਿਆਂ ਵਿੱਚ ਸਥਾਪਿਤ ਛਾਪੇ ਵਾਲੀ ਬੀੜ ਦੇ 1430 ਪੰਨੇ ਹਨ। ਪਹਿਲੇ 1 ਤੋਂ 13 ਪੰਨਿਆਂ ਵਿੱਚ ਮੂਲ ਮੰਤਰ, ਗੁਰੂ ਨਾਨਕ ਦੇਵ ਦਾ ‘ਜਪੁ`, ‘ਸੋਦਰ` ਦੇ ਨੌਂ ਸ਼ਬਦ ਅਤੇ ਪੰਜ ‘ਕੀਰਤਨ ਸੋਹਿਲੇ` ਦੇ ਹਨ ਜਿਹੜੇ ਸਿੱਖਾਂ ਦੀ ਨਿੱਤ ਕਿਰਿਆ ਦਾ ਅੰਗ ਹਨ। ਪੰਨਾ 14 ਤੋਂ 1353 ਤੱਕ ਦੇ ਹਿੱਸੇ ਵਿੱਚ 31 ਰਾਗਾਂ ਵਿੱਚ ਗੁਰੂ ਸਾਹਿਬਾਨ ਅਤੇ ਭਗਤਾਂ ਦੀ ਬਾਣੀ ਹੈ ਜੋ ਰਾਗ-ਕ੍ਰਮ ਅਨੁਸਾਰ ਸੰਕਲਿਤ ਹੈ। ਗੁਰੂ ਸਾਹਿਬਾਨ ਦੀ ਬਾਣੀ ਦੀ ਚੌਪਦੇ, ਸ਼ਬਦ, ਅਸ਼ਟਪਦੀ, ਛੰਤ ਅਤੇ ਵਾਰ ਦੀ ਤਰਤੀਬ ਹੈ। ਗੁਰੂ ਅੰਗਦ ਦੇਵ ਦੇ ਕੇਵਲ ਸਲੋਕ ਹੀ ਹਨ। ਪੰਨਾ 1353 ਤੋਂ 1430 ਵਿੱਚ ਫੁਟਕਲ ਰਚਨਾਵਾਂ ਆਉਂਦੀਆਂ ਹਨ।

              31 ਰਾਗਾਂ ਵਿੱਚ ਬਾਣੀ ਦਾ ਵੇਰਵਾ

           ਸ਼ਬਦ            ਅਸ਼ਟਪਦੀਆਂ      ਛੰਤ        ਵਾਰ

              ਮਹਲਾ 1         209   123        25         3

              ਮਹਲਾ 3         172    79         19         4

              ਮਹਲਾ 4         264   458        38         8

              ਮਹਲਾ 5         1,322 45         63        6

              ਮਹਲਾ 9         59     —          —         —

ਇੱਕ ਵਾਰ ਸੱਤੇ ਬਲਵੰਡ ਦੀ ਰਾਮਕਲੀ ਰਾਗ ਵਿੱਚ ਹੈ।

                ਭਗਤ ਬਾਣੀ ਵਿੱਚ ਸ਼ਬਦਾਂ ਦਾ ਵੇਰਵਾ

                                 ਕਬੀਰ                  224         ਭੀਖਨ     2

                                 ਨਾਮਦੇਵ               61           ਸੂਰਦਾਸ   1

                                                                        (ਸਿਰਫ ਇੱਕ ਤੁਕ)

                                 ਰਵਿਦਾਸ               40           ਪਰਮਾਨੰਦ 1

                                 ਤ੍ਰਿਲੋਚਨ               4             ਸੈਣ        1

                                 ਫ਼ਰੀਦ                  4             ਪੀਪਾ       1

                                 ਬੇਣੀ                    3             ਸਧਨਾ     1

                                 ਧੰਨਾ                    3             ਰਾਮਾਨੰਦ 1

                                 ਜੈ ਦੇਵ                 2             ਗੁਰੂ ਅਰਜਨ          3

     ਭਗਤ ਕਬੀਰ ਦੇ ਗਉੜੀ ਰਾਗ ਵਿੱਚ ਬਾਵਨ ਅੱਖਰੀ, ਪੰਦ੍ਰਹ ਥਿਤੀ, ਸਤ ਵਾਰ ਵੀ ਹਨ। ਭਗਤ ਕਬੀਰ ਦੇ 243 ਅਤੇ ਸ਼ੇਖ਼ ਫ਼ਰੀਦ ਦੇ 130 ਸ਼ਲੋਕ ਹਨ।

     ਰਾਮਕਲੀ ਰਾਗ ਵਿੱਚ ਬਾਬੇ ਸੁੰਦਰ ਦੀ ਸੱਦ ਹੈ।

     ‘ਕੱਲਸਹਾਰ`, ‘ਜਾਲਪ`, ‘ਕੀਰਤ`, ‘ਭਿੱਖਾ`, ‘ਸਲ੍ਹ`, ‘ਭੱਲ੍ਹ`, ‘ਨੱਲ੍ਹ`, ‘ਬੱਲ`, ‘ਗਯੰਦ`, ‘ਮਥੁਰਾ`, ‘ਹਰਿਬੰਸ` ਸਵੱਯੇ ਰਚਨ ਵਾਲੇ ਭੱਟ ਹਨ।

     ਮਰਦਾਨੇ ਦਾ ਵਾਰ ਬਿਹਾਗੜਾ ਵਿੱਚ ਸਲੋਕ ਹੈ।

     ਸਧਨਾ ਸੇਹਵਾਨ ਸਿੰਧ-ਪਾਕਿਸਤਾਨ ਵਿੱਚ ਕਸਾਈ ਸੀ। ਸੂਰਦਾਸ ਬ੍ਰਾਹਮਣ ਦੀ ਸਮਾਧ ਕਾਸ਼ੀ ਵਿੱਚ ਹੈ। ਸੈਣ ਰੀਵਾ ਦੇ ਰਾਜੇ ਦਾ ਨਾਈ ਸੀ। ਕਬੀਰ ਜੁਲਾਹਾ ਕਾਸ਼ੀ ਰਿਹਾ ਅਤੇ ਮਗਹਰ (ਗੋਰਖਪੁਰ ਤੋਂ 15 ਮੀਲ) ਵਿੱਚ ਪ੍ਰਾਣ ਤਿਆਗੇ। ਜੈ ਦੇਵ ਬ੍ਰਾਹਮਣ ਕਰਤਾ ਗੀਤ ਗੋਬਿੰਦ ਕੋਦੂਲੀ (ਬੀਰਭੂਮ, ਬੰਗਾਲ) ਪੈਦਾ ਹੋਇਆ। ਤ੍ਰਿਲੋਚਨ, ਵੈਸ਼, ਬਾਰਸੀ (ਸ਼ੋਲਾਪੁਰ) ਦਾ ਸੀ; ਧੰਨਾ ਜੱਟ, ਧੁਆਨ (ਟਾਂਕ ਰਿਆਸਤ ਦਾ); ਨਾਮਦੇਵ, ਨਾਰਸੀ ਬਾਮਣੀ (ਸ਼ੋਲਾਪੁਰ) ਦਾ; ਪੀਪਾ ਸ਼ਾਇਦ ਗਗਰੌਦ (ਕੋਟਾ) ਦਾ ਰਾਜਪੂਤ ਸੀ; ਰਾਮਾਨੰਦ ਪ੍ਰਯਾਗ (ਇਲਾਹਾਬਾਦ) ਦਾ ਬ੍ਰਾਹਮਣ; ਰਵਿਦਾਸ ਕਾਸ਼ੀ ਦਾ ਚਮਾਰ; ਬੇਣੀ ਅਗਿਆਤ ਹੈ। ਭੀਖਣ ਕਕੋਰੀ (ਲਖਨਊ) ਦੇ ਇਲਾਕੇ ਦਾ ਸਾਧ ਸੀ ਅਤੇ ਸ਼ੇਖ਼ ਫ਼ਰੀਦ ਪਾਕਪਟਨ (ਪਾਕਿਸਤਾਨ) ਵਿੱਚ ਚਿਸ਼ਤੀ ਸਿਲਸਿਲੇ ਦਾ ਸੂਫ਼ੀ ਮੁਸਲਮਾਨ ਸੀ।

     ਆਦਿ ਗ੍ਰੰਥ ਵਿੱਚ ਉੱਚੀਆਂ-ਨੀਵੀਆਂ ਜਾਤਾਂ, ਹਿੰਦੂ, ਮੁਸਲਮਾਨ, ਬਾਣੀ ਦੇ ਰਚੈਤਾ ਹਨ ਜੋ ਹਿੰਦੁਸਤਾਨ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਬਿਰਾਜਮਾਨ ਸਨ। ਇਸ ਤਰ੍ਹਾਂ ਅੰਤਰ-ਆਤਮਾ ਦਾ ਧਰਮ ਸਿੱਖ-ਮਤ ਹਰ ਧਰਮ, ਜਾਤ ਨੂੰ ਆਪਣੇ ਵਿੱਚ ਸਮੋ ਲੈਣ ਦੀ ਚੇਸ਼ਟਾ ਰੱਖਦਾ ਹੈ। ਜੀਵ ਦੀ ਮੁਕਤੀ ਦਾ ਸਾਧਨ ਨਾਮ ਹੈ ਜਿਹੜਾ ਸ਼ਬਦ ਰਾਹੀਂ ਪ੍ਰਾਪਤ ਹੁੰਦਾ ਹੈ ਅਤੇ ਸ਼ਬਦ ਆਦਿ ਗ੍ਰੰਥ ਵਿੱਚ ਸੁਲੱਭ ਰਚਨਾਵਾਂ ਹਨ।

     ਆਦਿ ਗ੍ਰੰਥ ਦਾ ਪਦਛੇਦ ਅਰਥਾਤ ਪਦਾਂ ਨੂੰ ਨਿਖੇੜ ਕੇ ਲਿਖਣ ਦਾ ਕੰਮ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹੋਇਆ।

      ‘ਮਹਾਨ ਕੋਸ਼` ਅਨੁਸਾਰ, ਤੁਕ ਨੂੰ ਮਿਲਾਕੇ...ਲਿਖਣ ਦੇ ਦੋ ਕਾਰਨ ਸਨ ਇੱਕ ਤਾਂ ਕਾਗ਼ਜ਼ ਦੁਰਲੱਭ ਸੀ, ਦੂਸਰੇ ਲੋਕਾਂ ਨੂੰ ਵਿੱਦਿਆ ਦਾ ਪੂਰਣ ਅਭਯਾਸ ਸੀ...ਇਸ ਸਮੇਂ ਬਿਨਾਂ ਪਦਛੇਦ ਕੀਤੇ ਗ੍ਰੰਥ ਲਿਖਣਾ ਅਥਵਾ ਛਾਪਣਾ ਯੋਗਯ ਨਹੀਂ

          ਆਦਿ ਗ੍ਰੰਥ ਦੇ ਪੰਨਾ 1429-30 `ਤੇ ਰਾਗਮਾਲਾ ਅੰਕਿਤ ਹੈ। ਮਹਾਨ ਕੋਸ਼ ਅਨੁਸਾਰ ਇਹ ਮਾਧਵਨਲ ਸੰਗੀਤ ਦੇ ਹਿੰਦੀ ਅਨੁਵਾਦ ਦੇ 63ਵੇਂ ਤੋਂ 72ਵੇਂ ਛੰਦ ਦਾ ਪਾਠ ਹੈ ਜਿਸ ਵਿੱਚ ਛੇ ਰਾਗਾਂ ਦੀਆਂ, ਪੰਜ-ਪੰਜ ਰਾਗਣੀਆਂ ਅਤੇ ਅੱਠ-ਅੱਠ ਪੁੱਤਰ ਦੱਸੇ ਹਨ। ਸਿੱਖ ਰਹਿਤ ਮਰਯਾਦਾ (ਸ.ਗ.ਪ.ਕ., 1950) ਅਨੁਸਾਰ ਇਸ ਦਾ ਪਾਠ ਸ਼ਰਧਾਲੂ ਦੀ ਮਰਜ਼ੀ `ਤੇ ਨਿਰਭਰ ਹੈ।


ਲੇਖਕ : ਸੁਰਜੀਤ ਹਾਂਸ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 13383, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਆਦਿ ਗ੍ਰੰਥ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਆਦਿ ਗ੍ਰੰਥ : ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਸਮ ਗ੍ਰੰਥ ਤੋਂ ਵੱਖਰਾ ਕਰਨ ਲਈ ਆਦਿ ਗ੍ਰੰਥ ਦਾ ਨਾਂ ਦਿੱਤਾ ਗਿਆ। ਗੁਰੂ–ਪਦਵੀ ਮਿਲਣ ਤੋਂ ਪਹਿਲਾਂ ਆਦਿ ਗ੍ਰੰਥ ਨੂੰ ਗ੍ਰੰਥ ਸਾਹਿਬ ਕਿਹਾ ਜਾਂਦਾ ਸੀ। ਗ੍ਰੰਥ ਸਾਹਿਬ ਨੂੰ ਤਿਆਰ ਕਰਨ ਵਿਚ ਸਿੱਖਾਂ ਦੇ ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਨੋਰਥ ਗੁਰਮਤਿ ਦੀ ਵਿਚਾਰ–ਪ੍ਰਣਾਲੀ ਨੂੰ ਇਕ ਪਰਮਾਣਿਤ ਰੂਪ ਦੇਣਾ ਸੀ। ਉਨ੍ਹਾਂ ਨੇ ਇਸ ਮਹਾਨ ਕਵਿਤਾਵਲੀ ਵਿਚ ਕੇਵਲ ਸਿੱਖ ਗੁਰੂ ਸਾਹਿਬਾਨ ਦੀ ਰਚਨਾ ਹੀ ਨਹੀਂ ਸਗੋਂ ਕਈ ਪਹਿਲਾਂ ਹੋ ਚੁੱਕੇ ਅਤੇ ਸਮਕਾਲੀ ਭਗਤਾਂ ਅਤੇ ਸੰਤ ਕਵੀਆਂ ਦੀ ਰਚਨਾ ਵੀ ਸ਼ਾਮਲ ਕੀਤੀ। ਉਨ੍ਹਾਂ ਦੀ ਹਜ਼ੂਰੀ ਵਿਚ ਜਿਹੜੀ ਬੀੜ ਤਿਆਰ ਹੋਈ, ਉਸਨੂੰ ‘ਕਰਤਾਪੁਰ ਵਾਲੀ ਬੀੜ’ ਕਿਹਾ ਜਾਂਦਾ ਹੈ ਕਿਉਂ ਜੋ ਇਹ ਕਰਤਾਰਪੁਰ ਦੇ ਸੋਢੀ ਧੀਰਮਲ ਦੇ ਕਬਜ਼ੇ ਵਿਚ ਆਉਣ ਤੋ਼ ਮਗਰੋਂ ਉਨ੍ਹਾਂ ਦੇ ਪਰਿਵਾਰ ਵਿਚ ਹੀ ਰਹੀ। ਇਸ ਮੁੱਢਲੀ ਬੀੜ ਨੂੰ ਜਦੋਂ ਭਾਈ ਬੰਨੋ ਅੰਮ੍ਰਿਤਸਰ ਤੋਂ ਲਾਹੌਰ ਜਿਲਦਬੰਦੀ ਲਈ ਲੈ ਕੇ ਗਿਆ ਤਾਂ ਉਸ ਨੇ ਆਪਣੇ ਲਈ ਇਸ ਦੀ ਇਕ ਨਕਲ ਕਰਵਾ ਲਈ ਅਤੇ ਅਖ਼ੀਰ ਵਿਚ ਕੁਝ ਹੋਰ ਰਚਨਾਵਾਂ ਵੀ ਜੋੜ ਦਿੱਤੀਆਂ। ਇਸ ਬੀੜ ਨੂੰ ‘ਭਾਈ ਬੰਨੋ ਦੀ ਬੀੜ’ ਜਾਂ ‘ਖਾਰੀ ਬੀੜ’ ਵੀ ਕਿਹਾ ਜਾਂਦਾ ਹੈ। ਇਨ੍ਹਾਂ ਬੀੜਾਂ ਦੀਆਂ ਕਈ ਨਕਲਾਂ ਕਰਵਾਈਆਂ ਗਈਆਂ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਧੀਰਮਲ ਤੋਂ ਕਰਤਾਰਪੁਰ ਵਾਲੀ ਬੀੜ ਮੰਗਵਾ ਭੇਜੀ ਤਾਂ ਉਸਦੇ ਇਨਕਾਰ ਕਰਨ ਤੇ ਦਮਦਮਾ ਸਾਹਿਬ ਵਿਚ ਉਨ੍ਹਾਂ ਨੇ ਇਕ ਹੋਰ ਬੀੜ ਤਿਆਰ ਕਰਵਾਈ ਜਿਸ ਵਿਚ ਨੌਵੇਂ ਗੁਰੂ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਸ਼ਾਮਲ ਕੀਤੀ ਗਈ। ਇਸ ਬੀੜ ਨੂੰ ‘ਦਮਦਮਾ ਸਾਹਿਬ ਵਾਲੀ ਬੀੜ’ ਕਿਹਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਇਸ ਬੀੜ ਅਥਵਾ ਗ੍ਰੰਥ ਸਾਹਿਬ ਨੂੰ ਗੁਰੂ–ਪਦਵੀ ਪ੍ਰਾਪਤ ਹੋਈ।

          ਆਦ ਗ੍ਰੰਥ ਵਿਚ ਸ਼ਾਮਲ ਹੋਈ ਰਚਨਾ ਦਾ ਵੇਰਵਾ ਇਸ ਤਰ੍ਹਾਂ ਹੈ :–

          1.       ਜੈਦੇਵ (ਭਗਤ–ਬਾਰ੍ਹਵੀਂ ਸਦੀ) ਦੇ 2 ਸ਼ਬਦ

          2.       ਸ਼ੇਖ਼ ਫ਼ਰੀਦ (ਬਾਰ੍ਹਵੀ ਸਦੀ) ਦੇ 4 ਸ਼ਬਦ ਅਤੇ 112 ਸਲੋਕ

          3.       ਨਾਮਦੇਵ (ਭਗਤ–ਤੇਰ੍ਹਵੀਂ ਸਦੀ) ਦੇ 60 ਸ਼ਬਦ

          4.       ਤ੍ਰਿਲੋਚਨ (ਭਗਤ–ਤੇਰ੍ਹਵੀਂ ਸਦੀ) ਦੇ 4 ਸਬ਼ਦ

          5.       ਪਰਮਾਨੰਦ (ਭਗਤ) ਦਾ 1 ਸ਼ਬਦ

          6.       ਸਧਨਾ (ਭਗਤ) ਦਾ 1 ਸ਼ਬਦ

          7.       ਬੇਣੀ (ਭਗਤ) ਦੇ 3 ਸ਼ਬਦ

          8.       ਰਾਮਾਨੰਦ (ਭਗਤ–ਚੌਦ੍ਹਵੀਂ ਪੰਦਰ੍ਹਵੀਂ ਸਦੀ) ਦਾ 1 ਸ਼ਬਦ

          9.       ਧੰਨੇ (ਭਗਤ–ਪੰਦਰ੍ਹਵੀਂ ਸਦੀ) ਦੇ 4 ਸ਼ਬਦ

          10.     ਪੀਪੇ (ਭਗਤ–ਪੰਦਰ੍ਹਵੀਂ ਸਦੀ) ਦਾ 1 ਸ਼ਬਦ

          11.      ਸੈਣ (ਭਗਤ–ਪੰਦਰ੍ਹਵੀਂ ਸਦੀ) ਦਾ 1 ਸ਼ਬਦ

          12.      ਕਬੀਰ (ਭਗਤ–ਪੰਦਰ੍ਹਵੀਂ ਸਦੀ) ਦੇ 292 ਸ਼ਬਦ, ਬਾਵਨ ਅੱਖਰੀ, ਥਿਤੀ ਅਤੇ ਵਾਰ ਸਤ ਦੀਆਂ ਪਉੜੀਆਂ ਸਮੇਤ ਅਤੇ 249 ਸਲੋਕ

          13.      ਰਵਿਦਾਸ (ਭਗਤ–ਪੰਦਰ੍ਹਵੀਂ ਸਦੀ) ਦੇ 41 ਸ਼ਬਦ

          14.      ਗੁਰੂ ਨਾਨਕ ਦੇਵ ਜੀ (1469–1539) ਦੇ 974 ਸ਼ਬਦ ਤੇ ਸਲੋਕ

          15.      ਗੁਰੂ ਅੰਗਦ ਦੇਵ ਜੀ (1504–1552) ਦੇ 62 ਸਲੋਕ

          16.     ਗੁਰੂ ਅਮਰਦਾਸ ਜੀ (1479–1574) ਦੇ 907 ਸ਼ਬਦ, ਸਲੋਕ ਅਤੇ ਪਉੜੀਆਂ

          17      ਗੁਰੂ ਰਾਮਦਾਸ ਜੀ (1534–1581) ਦੇ 679 ਸ਼ਬਦ, ਸਲੋਕ ਅਤੇ ਪਉੜੀਆਂ

          18.      ਗੁਰੂ ਅਰਜਨ ਦੇਵ ਜੀ (1563–1606) ਦੇ 2,218 ਸ਼ਬਦ, ਸਲੋਕ ਅਤੇ ਪਉੜੀਆਂ

          19.     ਗੁਰੂ ਤੇਗ ਬਹਾਦਰ ਜੀ (1621–1675) ਦੇ 59 ਸ਼ਬਦ ਅਤੇ 56 ਸਲੋਕ

          20.     ਗੁਰੂ ਗੋਬਿੰਦ ਸਿੰਘ ਜੀ (1666–1708) ਦਾ ਗੁਰੂ ਤੇਗ਼ ਬਹਾਦਰ ਜੀ ਦੇ ਸਲੋਕਾਂ ਵਿਚ 1 ਦੋਹਰਾ

          21.      ਭੀਖਨ (ਸੂਫ਼ੀ–ਹੁਮਾਯੂੰ–ਅਕਬਰ ਦੇ ਸਮੇਂ) ਦੇ 2 ਸ਼ਬਦ

          22.     ਸੂਰਦਾਸ (ਭਗਤ–ਅਕਬਰ ਦਾ ਸਮਕਾਲੀ–ਇਹ ਸੂਰ–ਦਾਸ ‘ਸੂਰਸਾਗਰ’ਵਾਲਾ ਸੂਰਦਾਸ ਨਹੀਂ) ਦੇ 2 ਸ਼ਬਦ  

          23.     ਸੁੰਦਰ (ਗੁਰੂ ਅਮਰਦਾਸ ਜੀ ਦਾ ਪੋਤਾ) ਦੀ 1 ਸੱਦ (ਛੇ ਪਉੜੀਆਂ)

          24.     ਮਰਦਾਨੇ (ਗੁਰੂ ਨਾਨਕ ਦੇਵ ਜੀ ਦਾ ਰਬਾਬੀ) ਦੇ 3 ਸਲੋਕ

          25.     ਕਲ (ਭੱਟ) ਦੇ 46 ਸਵੈਯੇ ਅਤੇ 3 ਸੋਰਠੇ

          26.     ਕਲਸਹਾਰ (ਭੱਟ) ਦੇ 4 ਸਵੈਯੇ

          27.     ਟਲ (ਭੱਟ) ਦਾ 1 ਸਵੈਯਾ

          28.     ਜਾਲਪ (ਭੱਟ) ਦੇ 4 ਸਵੈਯੇ

          29.     ਜਲ (ਭੱਟ)ਦਾ 1 ਸਵੈਯਾ

          30.     ਕੀਰਤ (ਭੱਟ) ਦੇ 8 ਸਵੈਯੇ

          31.      ਸਲ (ਭੱਟ) ਦੇ 3 ਸਵੈਯੇ

          32.     ਭਲ (ਭੱਟ) ਦਾ 1 ਸਵੈਯਾ

          33.     ਨਲ (ਭੱਟ) ਦੇ 6 ਸਵੈਯੇ

          34.     ਭਿਖਾ (ਭੱਟ) ਦੇ 2 ਸਵੈਯੇ

          35.     ਜਲ੍ਹਨ ਜਾਂ ਜਲ੍ਹਣ (ਭੱਟ) ਦਾਜ 1 ਸਵੈਯਾ

          36.     ਦਾਸ (ਭੱਟ) ਦੇ 7 ਸਵੈਯੇ, 3 ਰਡ ਅਤੇ 4 ਝੋਲਨੇ

          37.     ਗਯੰਦ (ਭੱਟ) ਦੇ 5 ਸਵੈਯੇ

          38.     ਸੇਵਕ(ਭੱਟ) ਦੇ 7 ਸਵੈਯੇ

          39.     ਮਥੁਰਾ (ਭੱਟ) ਦੇ 10 ਸਵੈਯੇ

          40.     ਬਲ (ਭੱਟ) ਦੇ 5 ਸਵੈਯੇ

          41.      ਹਰਿਬੰਸ (ਭੱਟ) ਦੇ 2 ਸਵੈਯੇ

          42.     ਸੱਤਾ (ਡੂਮ) ਦੀਆਂ ਸੱਤੇ ਬਲਵੰਡ ਦੀ ਵਾਰ ਵਿਚ 5 ਪਉੜੀਆਂ

          43.     ਬਲਵੰਡ (ਰਾਇਭਟ) ਦੀਆਂ ਸੱਤੇ ਬਲਵੰਡ ਦੀ ਵਾਰ ਵਿਚ 3 ਪਉੜੀਆਂ

          ‘ਆਦਿ ਗ੍ਰੰਥ’ ਦੀ ਬਾਣੀ ਦੇ ਉਪਰੋਕਤ ਵੇਰਵੇ ਨੂੰ ਪੜ੍ਹ ਦੇ ਅਸੀਂ ਅਨੁਮਾਨ ਲਾ ਸਕਦੇ ਹਾਂ ਕਿ ਵਿਚਾਰ–ਪ੍ਰਣਾਲੀ ਦੇ ਆਧਾਰ ਤੇ ਬਣੀ ਦੀ ਚੋਣ ਕਰਨ ਲਗਿਆਂ ਸੰਪਾਦਕ ਨੂੰ ਕਿੰਨੀ ਕੁ ਮਿਹਨਤ ਕਰਨੀ ਪਈ ਹੋਵੇਗੀ। ਇਸ ਪਵਿੱਤਰ ਗ੍ਰੰਥ ਦੇ ਸਭ ਤੋਂ ਪੁਰਾਣੇ ਕਵੀ ਜੈਦੇਵ ਅਤੇ ਫ਼ਰੀਦ (1173–1266 ਈ.) ਹਨ ਅਤੇ ਸਭ ਤੋਂ ਅਖ਼ੀਰਲੇ ਕਵੀ ਨੌਵੇਂ ਅਤੇ ਦਸਵੇਂ ਗੁਰੂ ਹਨ। ਦਸਵੇਂ ਗੁਰੂ ਜੀ ਦਾ ਇੱਕੋ ਸਲੋਕ ਹੈ। ਨੌਵੇਂ ਗੁਰੂ, ਗੁਰੂ ਤੇਗ਼ ਬਹਾਦਰ ਜੀ ਨੂੰ ਔਰੰਗਜ਼ੇਬ ਦੇ ਹੁਕਮ ਨਾਲ 1675 ਵਿਚ ਸ਼ਹੀਦ ਕੀਤਾ ਗਿਆ ਸੀ। ਇਸ ਲਈ ਆਦਿ ਗ੍ਰੰਥ ਵਿਚ ਆਈ ਬਾਣੀ ਬਾਰ੍ਹਵੀਂ ਤੋਂ ਲੈ ਕੇ ਸਤਾਰ੍ਹਵੀਂ ਸਦੀ ਤਕ ਦੇ ਕੁਝ ਪ੍ਰਸਿੱਧ ਕਵੀਆਂ ਦੀ ਬਾਣੀ ਹੈ। ‘ਕਰਤਾਰਪੁਰ ਵਾਲੀ ਬੀੜ’ ਵਿਚ ਕੇਵਲ ਸੋਲ੍ਹਵੀਂ ਸਦੀ ਤਕ ਦੇ ਕੁਝ ਵਿਸ਼ੇਸ਼ ਭਗਤਾਂ ਅਤੇ ਸੰਤਾਂ ਦੀ ਬਾਣੀ ਸ਼ਾਮਲ ਹੈ।

          ਆਦਿ ਗ੍ਰੰਥ ਨੂੰ ਗੁਰੂ ਅਰਜਨ ਦੇਵ ਜੀ ਨੇ 1604 ਵਿਚ ਅੰਮ੍ਰਿਤਸਰ ਵਿਚ ਸੰਪਾਦਿਤ ਕੀਤਾ ਅਤੇ ਭਾਈ ਗੁਰਦਾਸ ਦੇ ਹੱਥੋਂ ਲਿਖਵਾਇਆ। ਉਨ੍ਹਾਂ ਨੇ ‘ਕੱਚੀ ਬਾਣੀ’ ਨੂੰ ਸਦਾ ਲਈ ‘ਸੱਚੀ ਬਾਣੀ’ ਨਾਲੋਂ ਨਿਖੇੜ ਦਿੱਤਾ। ਇਸ ਸਬੰਧ ਵਿਚ ਕੇਸਰ ਸਿਘ ਛਿੱਬਰ ਨੇ ‘ਬੰਸਾਵਲੀ–ਨਾਮਾ’ ਵਿਚ ਇਉਂ ਲਿਖਿਆ ਹੈ :

                   ...ਏਥੇ ਕਿਸੇ ਸਿਖ ਸ਼ਬਦ ਮਿਹਰਵਾਨ ਦਾ ਪੜ੍ਹਿਆ।

                   ਉਹ ਸ਼ਬਦ ਆਵਾਜ਼ ਕੰਨ ਗੁਰੂ ਅਰਜਨ ਦੇ ਪੜਿਆ।

                   ਬਚਨ ਕੀਤਾ ਭਾਈ ਗੁਰਦਾਸ ਗੁਰੂ ਕੀ ਬਾਦੀ ਜੁਦਾ ਕਰੀਏ।

                   ਮੀਣੇ ਪਾਣ ਲਗੀ ਨੀ ਰਲਾ। ਸੋ ਨਿਆਰੀ ਕਰ ਧਰੀਏ।

                   ਸੋ ਸਾਹਿਬ ਅਗੇ ਹੀ ਬਾਣੀ ਉਚਾਰ ਕਰਤ ਸੇ ਭਏ।

                   ਸੋ ਭਾਈ ਗੁਰਦਾਸ ਸਭ ਇਕਤ੍ਰ ਕਰ ਲਏ। 96।

          ਗੁਰੂ ਅਰਜਨ ਦੇਵ ਜੀ ਨੇ ਨਾ ਕੇਵਲ ਸਿੱਖ ਗੁਰੂ ਸਾਹਿਬਾਨ ਅਤੇ ਪੰਜਾਬ ਦੇ ਸੰਤਾਂ ਭਗਤਾਂ ਦੀ ਬਾਣੀ ਇਕੱਤਰ ਕੀਤੀ ਸਗੋਂ ਭਾਰਤ ਦੇ ਵੱਖ–ਵੱਖ ਪ੍ਰਾਂਤਾਂ ਦੇ ਮਹਾਂ–ਪੁਰਸ਼ਾਂ ਦੀ ਰਚਨਾ ਨੂੰ ਵੀ ਆਦਿ ਗ੍ਰੰਥ ਵਿਚ ਸ਼ਾਮਲ ਕੀਤਾ। ਭਗਤ ਜੈਦੇਵ ਬੰਗਾਲ ਦਾ ਸੀ, ਨਾਮਦੇਵ ਅਤੇ ਤ੍ਰਿਲੋਚਨ ਮਹਾਰਾਸ਼ਟਰ ਦੇ, ਰਾਮਾਨੰਦ, ਕਬੀਰ ਆਦਿ ਉੱਤਰ–ਪ੍ਰਦੇਸ਼ ਦੇ ਸਨ। ਆਦਿ–ਗ੍ਰੰਥ ਦੇ ਸੰਤ ਕਵੀ ਚਹੁੰਆਂ ਵਰਣਾਂ ਦੇ ਸਨ। ਜੈਦੇਵ ਬ੍ਰਾਹਮਣ ਸੀ, ਗੁਰੂ ਸਾਹਿਬਾਨ ਖਤਰੀ, ਤ੍ਰਿਲੋਚਨ ਵੈਸ਼, ਨਾਮਦੇਵ ਛੀਂਬਾ, ਕਬੀਰ ਜੁਲਾਹਾ, ਸੈਣ ਨਾਈ, ਸਾਧਨਾ ਕਸਾਈ ਅਤੇ ਰਵਿਦਾਸ ਚਮਾਰ ਸਨ। ਇਹੋ ਕਾਰਨ ਹੈ ਕਿ ਆਦਿ ਗ੍ਰੰਥ ਦੇ ਸੰਪਾਦਨ ਦੇ ਸਮੇਂ ਛੱਜੂ, ਕਾਹਨਾ, ਪੀਲੂ ਅਤੇ ਸ਼ਾਹ ਹੁਸੈਨ ਗੁਰੂ ਅਰਜਨ ਦੇਵ ਜੀ ਕੋਲ ਆਪੋ ਆਪਣੀ ਬਾਣੀ ਨੂੰ ਇਸ ਨਵੀਂ ਕਵਿਤਾਵਲੀ ਵਿਚ ਸ਼ਾਮਲ ਕਰਾਉਣ ਲਈ ਆਏ ਪਰ ਗੁਰੂ ਜੀ ਨੇ ਵਿਚਾਰ–ਪ੍ਰਣਾਲੀ ਦੇ ਆਧਾਰ ਤੇ ਉਨ੍ਹਾਂ ਦੀ ਰਚਨਾ ਸਵੀਕਾਰ ਨਾ ਕੀਤੀ(ਵੇਖੋ, ਗੁਰ ਬਿਲਾਸ ਪਾਤਸ਼ਾਹੀ ਛੇਵੀਂ) ।

          ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਸਿੱਖਾਂ ਨੇ ਆਦਿ ਗ੍ਰੰਥ ਵਿਚ ਆਪਣੀ ਰਚਨਾ ਸ਼ਾਮਲ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਨਾਂਹ ਕਰ ਦਿੱਤੀ। ਇਸ ਸਬੰਧ ਵਿਚ ਕੇਸਰ ਸਿੰਘ ਛਿੱਬਰ ਲਿਖਦਾ ਹੈ :–

          ਸੰਮਤ ਸਤਰਹਿ ਸੈ ਪਚਵੰਜੇ ਸਿਖਾਂ ਬਿਨਤੀ ਸਾਹਿਬ ਅਗੇ ਸੀ ਕੀਤੀ।

          ਗਰੀਬ ਨਿਵਾਜ ਜੇ ਬਚਨ ਹੋਵੈ ਤਾਂ ਦੋਹਾਂ ਗ੍ਰੰਥਾਂ ਦੀ ਬੀੜ ਇਕ ਚਹੀਐ ਕਰ ਲੀਤੀ।

          ਸਾਹਿਬ ਬਚਨ ਕੀਤਾ ਆਦਿ ਗੁਰੂ ਹੈ ਗ੍ਰੰਥ।

          ਇਹ ਅਸਾਡੀ ਹੈ ਖੇਡ ਜੁਦਾ ਮਨ ਪੰਥ।...

                                                                                                         (ਬੰਸਾਵਲੀ–ਨਾਮਾ)

          ਭਾਈ ਮਨੀ ਸਿੰਘ ਜੀ ਨੇ ਜੋ ਦਮਦਮਾ ਸਾਹਿਬ ਵਾਲੀ ਬੀੜ ਦਾ ਲਿਖਾਰੀ ਸੀ, ਆਦਿ ਗ੍ਰੰਥ ਅਤੇ ਦਸਮ ਗ੍ਰੰਥ ਦੀ ਬਾਣੀ ਦੀ ਇਕ ਇਕੱਠੀ ਬੀੜ ਰਚੀ ਅਤੇ ਸਭ ਗੁਰੂ ਸਾਹਿਬਾਨ ਦੀ ਬਾਣੀ ਵੱਖ–ਵੱਖ ਕਰ ਦਿੱਤੀ। ਇਸ ਉੱਤੇ ਸਿੱਖਾਂ ਨੇ ਬੜਾ ਰੋਸ ਮਨਾਇਆ ਅਤੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਸ਼ਹੀਦੀ ਵੀ ਇਸੇ ਸਬੰਧ ਵਿਚ ਕਿਸੇ ਸਿੱਖ ਦੇ ਸਰਾਪ ਕਾਰਨ ਹੋਈ।

          ਗੁਰੂ ਗੋਬਿੰਦ ਸਿੰਘ ਜੀ ਦਾ ਜਦੋਂ ਜੋਤੀ ਜੋਤ ਸਮਾਉਣ ਦਾ ਸਮਾਂ ਆਇਆ ਤਾਂ ਉਨ੍ਹਾਂ ਨੇ ਗ੍ਰੰਥ ਸਾਹਿਬ(ਆਦਿ ਗ੍ਰੰਥ) ਦਾ ਪ੍ਰਕਾਸ਼ ਕਰਕੇ ਇਨ੍ਹਾਂ ਅੱਗੇ ਪੰਜ ਪੈਸੇ ਅਤੇ ਇਕ ਨਾਰੀਅਲ ਰੱਖ ਕੇ ਮੱਥਾ ਟੇਕ ਦਿੱਤਾ। ਇਉਂ ਉਨ੍ਹਾਂ ਨੇ ਗ੍ਰੰਥ ਸਾਹਿਬ ਨੂੰ ਗੁਰੂ–ਪਦਵੀ ਦੇ ਕੇ ਫ਼ਤਹਿ ਗਜਾਉਂਦਿਆਂ ਗੁਰੂ ਗ੍ਰੰਥ ਦੀ ਪਰਕਰਮਾ ਕੀਤੀ ਅਤੇ ਖ਼ਾਲਸੇ ਨੂੰ ਕਿਹਾ :–

                   ਸਭਿ ਸਿਖਨ ਕੋ ਹੁਕਮਿ ਹੈ ਗੁਰੂ ਮਾਨਿਓ ਗ੍ਰੰਥ।।

                   ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰੂ ਕੀ ਦੇਹ।।

                   ਜਾ ਕਾ ਹਿਰਦਾ ਸੁਧ ਹੈ ਖੋਜ ਸਬਦ ਮੈ ਲੇਹ ।।

          ਆਦਿ–ਗ੍ਰੰਥ ਵਿਚ ਆਈ ਬਾਣੀ ਦੀ ਲੋੜੀ ਇਸ ਪ੍ਰਕਾਰ ਹੈ :–

          (ੳ) ਜਪੁ ਜੀ

          (ਅ) ਰਹਿਰਾਸ

          (ੲ) ਸੋਹਿਲਾ

1.       ਸਿਰੀ ਰਾਗੁ                                    17.      ਗੋਂਡ

2.       ਮਾਝ                                           18.      ਰਾਮਕਲੀ

3.       ਗਉੜੀ                                        19.     ਨਟ ਨਾਰਾਇਨ

4.       ਆਸਾ                                          20.     ਮਾਲੀ ਗਉੜਾ

5.       ਗੂਜਰੀ                                        21.      ਮਾਰੂ

6.       ਦੇਵ ਗੰਧਾਰੀ                                   22.     ਤੁਖਾਰੀ

7.       ਬਿਹਾਗੜਾ                                     23.     ਕੇਦਾਰਾ

8.       ਵਡਹੰਸੁ                                        24.     ਭੈਰਉ

9.       ਸੋਰਠਿ                                         25.     ਬਸੰਤੁ

10.     ਧਨਾਸਰੀ                                      26.     ਸਾਰੰਗ

11.      ਜੈਤਸਰੀ                                       27.     ਮਲਾਰ

12.      ਟੋਡੀ                                           28.     ਕਾਨੜਾ

13.      ਬੈਰਾੜੀ                                        29.     ਕਲਿਅਆਨ

14.      ਤਿਲੰਗ                                        30.     ਪ੍ਰਭਾਤੀ

15.      ਸੂਹੀ                                           31.      ਜੈਜਾਵੰਤੀ

16.     ਬਿਲਾਵਲੁ

          (ਸ) ਭਿੰਨ–ਭਿੰਨ ਰਾਗਾਂ ਵਿਚ ਗੁਰੂ ਸਾਹਿਬਾਨ ਅਤੇ ਭਗਤਾਂ ਦੀ ਬਾਣੀ ਜਿਨ੍ਹਾਂ ਦੀ ਲੜੀ ਇਸ ਪ੍ਰਕਾਰ ਹੈ :–

          ਇਨ੍ਹਾਂ ਰਾਗਾਂ ਵਿਚ ਸ਼ਬਦਾਂ ਦੀ ਲੜੀ ਇਸ ਪ੍ਰਕਾਰ ਹੈ :–

          1.       ਚਉਪਦੇ, ਦੁਪਦੇ, ਤਿਪਦੇ, ਪੰਚਪਦੇ ਜਾਂ ਛਿਪਦੇ, ਘਰ ਅਤੇ ਮਹਲੇ ਅਨੁਸਾਰ ਲੜੀਵਾਰ

          2.       ਅਸ਼ਟਪਦੀਆਂ, ਘਰ ਅਤੇ ਮਹਲੇ ਅਨੁਸਾਰ ਲੜੀਵਾਰ

          3.       ਸੋਹਲੇ (ਮਾਰੂ ਰਾਗ ਵਿਚ), ਘਰ ਅਤੇ ਮਹਲੇ ਅਨੁਸਾਰ ਲੜੀਵਾਰ

          4.       ਗੁਰੂ ਸਾਹਿਬਾਨ ਦੀ ਕੋਈ ਵਿਸ਼ੇਸ਼ ਰਚਨਾ, ਘਰ ਅਤੇ ਮਹਲੇ ਅਨੁਸਾਰ ਲੜੀਵਾਰ

          5.       ਛੰਤ, ਘਰ ਅਤੇ ਮਹਲੇ ਅਨੁਸਾਰ ਲੜੀਵਾਰ

          6.       ਵਾਰਾਂ, ਘਰ ਅਤੇ ਮਹਲੇ ਅਨੁਸਾਰ ਲੜੀਵਾਰ ਅਤੇ ਉਨ੍ਹਾਂ ਤੋਂ ਮਗਰੋਂ ਕੋਈ ਹੋ ਵਾਰ

          7.       ਭਗਤਾਂ ਦੀ ਬਾਣੀ, ਪਹਿਲੇ ਕਬੀਰ ਦੀ, ਫਿਰ ਨਾਮਦੇਵ ਦੀ ਇਤਿਆਦਿਕ(ਘਰ ਸੰਗੀਤ ਦਾ ਪਦ ਹੈ ਅਤੇ ਮਹਲਾ ਸ਼ਬਦ ਇਸਤਰੀ ਦੇ ਅਰਥਾਂ ਵਿਚ ਗੁਰੂ ਸਾਹਿਬਾਨ ਦੇ ਲਈ ਵਰਤਿਆ ਗਿਆ ਹੈ।

          (ਹ)     ਸਲੋਕ ਅਤੇ ਸਵੈਯੇ ਜਿਨ੍ਹਾਂ ਦੀ ਲੜੀ ਇਸ ਤਰ੍ਹਾਂ ਹੈ :–

          1.       ਸਲੋਕ ਸਹਸਕ੍ਰਿਤੀ

          2.       ਗਾਥਾ

          3.       ਫੁਨਹੇ

          4.       ਚਉਬੋਲੇ

          5.       ਸਲੋਕ ਕਬੀਰ

          6.       ਸਲੋਕ ਫ਼ਰੀਦ

          7.       ਸਵੈਯੇ ਗੁਰੂ ਅਰਜਨ ਦੇਵ ਜੀ

          8.       ਭੱਟਾਂ ਦੇ ਸਵੈਯੇ

          9.       ਸਲੋਕ ਵਾਰਾਂ ਤੇ ਵਧੀਕ

          10.     ਨੌਵੇਂ ਮਹਲੇ ਦੇ ਸਲੋਕ

          11.      ਮੁੰਦਾਵਣੀ ਦੇ ਦੋ ਸਲੋਕ

          12.      ਰਾਗਮਾਲਾ

          ਆਦਿ–ਗ੍ਰੰਥ ਵਿਚ ਭਾਰਤ ਦੇ ਵੱਖ–ਵੱਖ ਭਾਗਾਂ ਦੇ ਸੰਤਾਂ–ਭਗਤਾਂ ਦੀ ਬਾਣੀ ਹੋਣ ਦੇ ਕਾਰਨ ਕਈ ਬੋਲੀਆਂ ਅਤੇ ਉਪ–ਬੋਲੀਆਂ ਦੀ ਵਰਤੋਂ ਮਿਲਦੀ ਹੈ। ਡਾਕਟਰ ਟ੍ਰੰਪ ਨੇ ਇੱਥੋਂ ਤਕ ਕਿਹਾ ਹੈ ਕਿ “ਸਿੱਖ ਗ੍ਰੰਥ ਦੀ ਮਹੱਤਤਾ ਭਾਸ਼ਾਈ ਖੇਤਰ ਵਿਚ ਪ੍ਰਾਚੀਨ ਹਿੰਦਵੀ ਉਪ–ਭਾਖਾਵਾਂ ਦਾ ਖ਼ਜ਼ਾਨਾ ਹੋਣ ਕਾਰਨ ਹੈ। ” ਆਦਿ ਗ੍ਰੰਥ ਵਿਚ ਬੋਲੀ ਦਾ ਸਭ ਤੋਂ ਪੁਰਾਣਾ ਨਮੂਨਾ ਭਗਤ ਜੈਦੇਵ ਦੇ ਦੋ ਸ਼ਬਦ ਹਨ, ਇਕ ਰਾਗ ਗੂਜਰੀ ਵਿਚ ਅਤੇ ਦੂਜਾ ਰਾਗ ਮਾਰੂ ਵਿਚ। ਰਾਗ ਗੂਜਰੀ ਵਾਲੇ ਸ਼ਬਦ ਵਿਚ ਭਾਵੇਂ ਸੰਧੀ ਦੇ ਨਿਯਮਾਂ ਦੀ ਪਾਲਣਾ ਕੀਤੀ ਗਈ ਹੈ ਪਰ ਇਹ ਸ਼ਬਦ ਸੰਸਕ੍ਰਿਤ ਵਿਚ ਨਹੀਂ। ਡਾਕਟਰ ਟ੍ਰੰਪ ਅਨੁਸਾਰ ਇਹ ਸ਼ਬਦ ਸੰਸਕ੍ਰਿਤ ਅਤੇ ਗੰਵਾਰੂ ਭਾਸ਼ਾ ਦਾ ਮਿਲਗੋਭਾ ਹੈ। ਇਸ ਸ਼ਬਦ ਅਤੇ ਦੂਜੇ ਸ਼ਬਦ ਵਿਚ ਬੋਲੀ ਦੇ ਕਈ ਹੋਰ ਅਜਿਹੇ ਖ਼ਾਸੇ ਮਿਲਦੇ ਹਨ ਜੋ ਡਾਕਟਰ ਤਾਗਰੇ (ਕਰਤਾ ‘ਹਿਸਟਾਰੀਕਲ ਗਰਾਮਰ ਆਫ਼ ਅਪਭ੍ਰੰਸ਼’) ਦੇ ਖੋਜ ਅਨੁਸਾਰ ਪੂਰਬੀ ਅਪਭ੍ਰੰਸ਼ ਦੇ ਖ਼ਾਸੇ ਹਨ।

          ਪੂਰਬੀ ਅਪਭ੍ਰੰਸ਼ ਤੋਂ ਛੁੱਟ, ਪੱਛਮੀ ਅਪਭ੍ਰੰਸ਼ ਦੀਆਂ ਉਦਾਹਰਣਾਂ ਵੀ ਆਦਿ ਗ੍ਰੰਥ ਵਿਚ ਸਹਸਕ੍ਰਿਤੀ ਅਤੇ ਗਾਥਾ ਸਲੋਕਾਂ ਵਿਚੋਂ ਮਿਲਦੀਆਂ ਹਨ। ਇਨ੍ਹਾਂ ਸਲੋਕਾਂ ਵਿਚ ਵਿਸਰਗ ਅਤੇ ਅਨੁਸਵਾਰ ਦੀ ਵਰਤੋਂ ਤੋਂ ਬੋਲੀ ਦੇ ਸੰਸਕ੍ਰਿਤ ਹੋਣ ਦਾ ਭੁਲੇਖਾ ਪੈਂਦਾ ਹੈ ਪਰ ਸੰਸਕ੍ਰਿਤ ਨਾਲੋਂ ਪੱਛਮੀ ਅਪਭ੍ਰੰਸ਼ ਦੀਆਂ ਵਿਸ਼ੇਸ਼ਤਾਈਆਂ ਇਸ ਵਿਚ ਵਧੇਰੇ ਮਿਲਦੀਆਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਸਹਸਕ੍ਰਿਤੀ ਅਤੇ ਗਾਥਾ ਸਲੋਕ ਸੰਸਕ੍ਰਿਤ ਅਤੇ ਪੱਛਮੀ ਅਪਭ੍ਰੰਸ਼ ਦਾ ਮਿਲਗੋਭਾ ਹਨ। ਇਸ ਬੋਲੀ ਨੂੰ ਨਕਲੀ ਸੰਸਕ੍ਰਿਤ ਵੀ ਕਿਹਾ ਜਾ ਸਕਦਾ ਹੈ।

          ਦੱਖਣੀ ਅਪਭ੍ਰੰਸ਼ ਦੇ ਕੁਝ ਖ਼ਾਸੇ ਸਾਨੂੰ ਨਾਮਦੇਵ ਦੇ ਸ਼ਬਦਾਂ ਵਿਚ ਮਿਲਦੇ ਹਨ। ਨਾਮਦੇਵ ਦੀ ਰਚਨਾ ਵਿਚ ਵਰਤੀ ਗਈ ਬੋਲੀ ਨਾ ਕੇਵਲ ਪੁਰਾਣੀ ਮਰਾਠੀ ਹੈ, ਸਗੋਂ ਇਸਦੇ ਵਿਚ ਦੱਖਣੀ ਅਪਭ੍ਰੰਸ਼, ਫ਼ਾਰਸੀ, ਅਰਬੀ, ਸੰਤ ਭਾਖਾ, ਸਿੰਧੀ ਅਤੇ ਗੁਜਰਾਤੀ ਦਾ ਪ੍ਰਭਾਵ ਮਿਲਦਾ ਹੈ। ਆਦਿ ਗ੍ਰੰਥ ਵਿਚ ਨਾਮਦੇਵ ਪਹਿਲਾ ਕਵੀ ਹੈ ਜਿਸ ਨੇ ਆਪਣੀ ਰਚਨਾ ਵਿਚ ਸੰਤ–ਭਾਖਾ ਦੀ ਵਰਤੋਂ ਕੀਤੀ ਹੈ। ਇਸ ਬੋਲੀ ਵਿਚ ਹੇਠ ਲਿਖੀਆਂ ਵਿਸ਼ੇਸ਼ਤਾਈਆਂ ਮਿਲਦੀਆਂ ਹਨ :–

          1.       ਸੰਸਕ੍ਰਿਤ ਅਤੇ ਪ੍ਰਾਕ੍ਰਿਤ ਰਚਨਾਵਾਂ ਵਿਚੋਂ ਲਿਆ ਗਿਆ ਸ਼ਬਦ ਭੰਡਾਰ,

          2.       ਦੇਸ਼ ਦੇ ਉਸ ਭਾਗ ਦੀ ਬੋਲੀ ਦੇ ਪਿਛੇਤਰ ਅਤੇ ਕਾਰਕ ਪ੍ਰਤਿਐ ਜਿਸ ਵਿਚ ਕਿ ਭਗਤ ਦਾ ਨਿਵਾਸ ਸੀ,

          3.       ਬੋਲੀ ਦੀ ਵਿਜੋਗਾਤਮਕਤਾ,

          4.       ਦੇਸ਼ ਦੇ ਇਕ ਭਾਗ ਵਿਚੋਂ ਦੂਜੇ ਭਾਗ ਵਿਚ ਜਾਣ ਦੇ ਕਾਰਨ ਭਗਤ ਦੀ ਰਚਨਾ ਉੱਤੇ ਦੂਜੀਆਂ ਭਾਖਾਵਾਂ ਅਤੇ ਉਪ–ਭਾਖਾਵਾਂ ਦਾ ਅਸਰ,

          5.       ਫ਼ਾਰਸੀ ਅਤੇ ਅਰਬੀ ਦਾ ਅਸਰ।

          ਭਗਤੀ–ਲਹਿਰ ਦੇ ਫੈਲਣ ਨਾਲ ਸੰਤ–ਭਾਖਾ ਵਧੀ ਮੌਲੀ ਅਤੇ ਇਸ ਲਹਿਰ ਦਾ ਪ੍ਰਭਾਵ ਖ਼ਤਮ ਹੋਣ ਦੇ ਨਾਲ ਸੰਤ–ਭਾਖਾ ਵੀ ਸਾਹਿਤ ਦੇ ਮਾਧਿਅਮ ਦੇ ਤੌਰ ਤੇ ਖ਼ਤਮ ਹੋ ਗਈ ਹੈ। ਆਦਿ ਗ੍ਰੰਥ ਦੇ ਸਭ ਸੰਤਾਂ ਨੇ ਸੰਤ–ਭਾਖਾ ਦੀ ਵਰਤੋਂ ਨਹੀਂ ਕਦੀਤੀ। ਕੇਵਲ ਉਨ੍ਹਾਂ ਭਗਤਾਂ ਸੰਤਾਂ ਨੇ ਇਸ ਭਾਖਾ ਵਿਚ ਬਾਣੀ ਰਚੀ ਜਿਹੜੇ ਭਿੰਨ–ਭਿੰਨ ਮਤਾਂ ਅਤੇ ਦੇਸ਼ ਦੇ ਵੱਖ ਵੱਖ ਭਾਗਾਂ ਦੇ ਸੰਤਾਂ ਮਹਾਤਮਾਵਾਂ ਨਾਲ ਗੋਸ਼ਟਾਂ ਕਰ ਸਕੇ। ਉਦਾਹਰਣ ਦੇ ਤੌਰ ਤੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਹੁਤ ਸਾਰੀ ਬਾਣੀ ਸੰਤ ਭਾਖਾ ਵਿਚ ਰਚੀ ਪਰ ਦੂਜੇ, ਤੀਜੇ ਅਤੇ ਚੌਥੇ ਗੁਰੂ ਸਾਹਿਬਾਨ ਨੇ ਆਪਣੇ ਇਲਾਕੇ ਦੀ ਬੋਲੀ ਵਿਚ ਪ੍ਰਚਾਰ ਕੀਤਾ।

          ਆਦਿ ਗ੍ਰੰਥ ਦਾ ਭਾਗ ਸੰਤ–ਭਾਖਾ ਵਿਚ ਹੈ ਪਰ ਕੁਝ ਰਚਨਾਵਾਂ ਪੱਛਮੀ ਹਿੰਦੀ, ਪੂਰਬੀ ਹਿੰਦੀ, ਪੱਛਮੀ ਪੰਜਾਬੀ (ਜਾਂ ਲਹਿੰਦੀ), ਪੂਰਬੀ ਪੰਜਾਬੀ ਅਤੇ ਸਿੰਧੀ ਵਿਚ ਵੀ ਮਿਲਦੀਆਂ ਹਨ। ਗੁਰੂ ਤੇਗ਼ ਬਹਾਦਰ ਜੀ ਦੇ ਸਲੋਕ ਪੱਛਮੀ ਹਿੰਦੀ ਵਿਚ ਹਨ। ਭੱਟਾਂ ਨੇ ਬ੍ਰਜ ਭਾਖਾ ਜਾਂ ਪੂਰਬੀ ਹਿੰਦੀ ਵਿਚ ਆਪਣੇ ਸਵੈਯੇ ਲਿਖੇ। ਸਹਸਕ੍ਰਿਤੀ, ਪੂਰਬੀ ਪੰਜਾਬੀ ਅਤੇ ਪੱਛਮੀ ਪੰਜਾਬੀ ਦੀਆਂ ਉਦਹਾਰਣਾਂ ਇਕੋ ਜੈਤਸਰੀ ਦੀ ਵਾਰ ਮਹਲਾ 5 ਵਿਚ ਮਿਲ ਜਾਂਦੀਆਂ ਹਨ ਜਿਵੇਂ ਹੇਠਲੀ ਉਦਾਹਰਣ ਵਿਚ ਪਹਿਲਾ ਸਲੋਕ ਸਹਸਕ੍ਰਿਤੀ ਵਿਚ ਹੈ, ਦੂਜਾ ਸਲੋਕ ਲਹਿੰਦੀ (ਪੱਛਮੀ ਪੰਜਾਬੀ) ਵਿਚ ਅਤੇ ਪਉੜੀ ਪੂਰਬੀ ਪੰਜਾਬੀ ਵਿਚ :–

                                      ਸਲੋਕ ।।

                   ਦ੍ਰਿਸਟੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰਹਰਹ ।।

                   ਨਾਮ ਦਾਨੁ ਜਾਚੰਤਿ ਨਾਨਕ ਦਇਆਲ ਪੁਰਖ ਕ੍ਰਿਪਾ ਕਰਹ।।੧।।

          ਹਿਕੁ ਸੇਵੀ ਹਿਕੁ ਸੰਮਲਾ ਹਰਿ ਇਕਸੁ ਪਹਿ ਅਰਦਾਸਿ।।

          ਨਾਮ ਵਖਰੁ ਧਨੁ ਸੰਚਿਆ ਨਾਨਕ ਸਚੀ ਰਾਸਿ।।੨।।

                             ਪਉੜੀ।।

          ਪ੍ਰਭ ਦਇਆਲ ਬੇਅੰਤ ਪੂਰਨ ਇਕੁ ਏਹ।।

          ਸਭੁ ਕਿਛੁ ਆਪੇ ਆਪਿ ਦੂਜਾ ਕਹਾ ਕੇਹੁ।।

          ਆਪਿ ਕਰਹੁ ਪ੍ਰਭ ਦਾਨੁ ਆਪੇ ਆਪਿ ਲੇਹੁ।।

          ਆਵਣ ਜਾਣਾ ਹੁਕਮੁ ਸਭੁ ਨਿਹਚਲੁ ਤੁਧੁ ਥੇਹੁ।।

          ਨਾਨਕੁ ਮੰਗੈ ਦਾਨੁ ਕਹਿ ਕਿਰਪਾ ਨਾਮੁ ਦੇਹ ।। ੨੦ ।।

          ਉਪਰੋਕਤ ਭਾਖਾਵਾਂ ਅਤੇ ਉਪ–ਭਾਖਾਵਾਂ ਤੋਂ ਛੁੱਟ ਆਦਿ ਗ੍ਰੰਥ ਵਿਚ ਗੁਜਰਾਤੀ, ਪੂਰਬੀ, ਮਾਰਵਾੜੀ, ਬਾਂਗਰੂ, ਦੱਖਣੀ, ਜਾਂਗਲੀ ਅਤੇ ਅਵਧੀ ਦੇ ਕੁਝ ਸ਼ਬਦ ਅਤੇ ਪ੍ਰਤਿਐ ਵੀ ਮਿਲਦੇ ਹਨ।

          ਆਦਿ ਗ੍ਰੰਥ ਦੀਆਂ ਰਚਨਾਵਾਂ ਸੰਗੀਤ–ਬਧ ਅਤੇ ਤੋਲ–ਬਧ ਹਨ। ਹਰ ਸ਼ਬਦ ਪਦਿਆਂ ਵਿਚ ਵੰਡਿਆ ਹੋਹਿਆ ਹੈ ਅਤੇ ਹਰ ਪਦੇ ਵਿਚ ਇਕ ਜਾਂ ਵਧੀਕ ਤੁਕਾਂ ਹਨ। ਇਕ, ਦੋ, ਤਿੰਨ ਅਤੇ ਚਾਰ ਤੁਕਾਂ ਵਾਲੇ ਪਦਿਆਂ ਨੁੰ ਲੜੀਵਾਰ ਇਕਤੁਕੇ, ਦੋਤੁਕੇ, ਤਿਤੁਕੇ ਅਤੇ ਚਉਤੁਕੇ ਕਿਹਾ ਗਿਆ ਹੈ। ਹੇਠਾਂ ਕੁਝ ਉਦਾਹਰਣਾ ਦਿੱਤੀਆਂ ਗਈਆਂ ਹਨ :–

          ਇਕਤੁਕਾ :

          ਜੀਵਤ ਦੀਸੈ ਤਿਸੁ ਸਰਪਰ ਮਰਣਾ।।

          ਮੁਆ ਹੋਵੈ ਤਿਸੁ ਨਿਹਚੁਲ ਰਹਣਾ ।। ੧ ।।

                                                                   (ਆਸਾ ਮਹਲਾ ੫)

          ਦੋਤੁਕਾ :

          1 ਉਨ ਕੈ ਸੰਗਿ ਤੂ ਕਰਤੀ ਕੇਲ ।।

ਉਨ ਕੈ ਸੰਗੀ ਹਮ ਤੁਮ ਸੰਗਿ ਮੇਲ।।

ਉਨ ਕੇ ਸੰਗਿ ਤੁਮ ਸਭੁ ਕੋਊ ਲੋਰੈ।।

ਓਸੁ ਬਿਨਾ ਕੋਊ ਮੁਖੁ ਨਹੀਂ ਜੋਰੈ ।। ੧ ।।

                                                          (ਆਸਾ ਮਹਲਾ ੫)

          2 ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ।।

ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ।। ੧ ।।

                                                     (ਆਸਾ ਸ੍ਰੀ ਕਬੀਰ ਜੀਉ ਕੇ)

          ਉਪਰਲੀਆਂ ਉਦਾਹਰਣਾਂ ਤੋਂ ਸਪਸ਼ਟ ਹੈ ਕਿ ਛੋਟੇ ਤੋਲ ਦੀਆਂ ਦੋ ਤੁਕਾਂ ਨੂੰ ਇਕਤੁਕਾ ਕਿਹਾ ਗਿਆ ਹੈ, ਇਵੇਂ ਹੀ ਛੋਟੇ ਤੋਲ ਦੀਆਂ ਚਾਰ ਤੁਕਾਂ ਨੂੰ ਦੋਤੁਕਾ।

          ਆਦਿ ਗ੍ਰੰਥ ਦੀਆਂ ਰਚਨਾਵਾਂ ਨੂੰ ਪਦਿਆਂ, ਪਉੜੀਆਂ, ਸਲੋਕਾਂ, ਛੰਤਾਂ ਅਤੇ ਸਵੈਯਾਂ ਵਿਚ ਵੰਡਿਆ ਗਿਆ ਹੈ। ਦੋ, ਤਿੰਨ, ਚਾਰ, ਪੰਜ, ਛੇ, ਅੱਠ ਅਤੇ ਸੋਲ੍ਹਾਂ ਪਦਿਆਂ ਵਾਲੇ ਸ਼ਬਦਾਂ ਨੂੰ ਲੜੀਵਾਰ ਦੁਪਦੇ, ਤਿਪਦੇ, ਚਉਪਦੇ, ਪੰਚਪਦੇ, ਛਿਪਦੇ, ਅਸ਼ਟਪਦੀ ਅਤੇ ਸੋਲਹਾ ਕਿਹਾ ਗਿਆ ਹੈ। ਇਨ੍ਹਾਂ ਵਿਚੋਂ ਸੋਲਹਾਂ ਤਾਂ ਕੇਵਲ ਰਾਗ–ਮਾਰੂ ਵਿਚ ਮਿਲਦਾ ਹੈ ਅਤੇ ਬਾਕੀ ਸਾਰੇ ਪਦੇ ਭਿੰਨ ਭਿੰਨ ਰਾਗਾਂ ਵਿਚ। ਆਦਿ ਗ੍ਰੰਥ ਵਿਚ ਕੁਲ 608 ਦੁਪਦੇ, 73 ਤਿਪਦੇ, 1255 ਚਉਪਦੇ, 80 ਪੰਚਪਦੇ, 11 ਛਿਪਦੇ, 331 ਅਸਟਪਦੀਆਂ ਅਤੇ 62 ਸੋਲਹੇ ਹਨ। ਲਮੇਰੀਆਂ ਰਚਨਾਵਾਂ ਦੇ ਪਦਿਆਂ ਨੂੰ ਪਉੜੀਆਂ ਕਿਹਾ ਜਾਂਦਾ ਹੈ ਜਿਵੇਂ ਜਪੁ ਜੀ ਵਿਚ 38 ਪਉੜੀਆਂ ਹਨ ਅਤੇ ਆਨੰਦ ਸਾਹਿਬ ਵਿਚ 40 ਪਉੜੀਆਂ। ਪਉੜੀ ਦੀਆਂ ਤੁਕਾਂ ਦੀ ਗਿਣਤੀ ਨਿਸ਼ਚਿਤ ਨਹੀਂ, ਨਾ ਹੀ ਕੋਈ ਛੰਦ ਨਿਸ਼ਚਿਤ ਹੈ। ਸਲੋਕਾਂ ਤੋਂ ਵੱਖਰਾ ਕਰਨ ਲਈ ਵਾਰਾਂ ਵਿਚ ਪਉੜੀ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਗੁਰੂ ਅਰਜਨ ਦੇਵ ਜੀ ਦੀ ਬਾਵਨ–ਅੱਖਰੀ ਅਤੇ ਥਿਤੀ ਗਉੜੀ ਵਿਚ ਵੀ ‘ਪਉੜੀ’ ਸ਼ਬਦ ਦੀ ਵਰਤੋਂ ਮਿਲਦੀ ਹੈ ਪਰ ਉਨ੍ਹਾਂ ਦੀ ਰਚਨਾ ‘ਰੁੱਤੀ’ ਵਿਚ ਹਰ ਪਦੇ ਨਾਲ ‘ਛੰਤ’ ਸ਼ਬਦ ਵਰਤਿਆ ਗਿਆ ਹੈ। ਪਉੜੀ ਸ਼ਬਦ ਦੀ ਵਿਸ਼ੇਸ਼ ਵਰਤੋਂ ਵਾਰ ਦੇ ਸਬੰਧ ਵਿਚ ਹੀ ਕੀਤੀ ਜਾਂਦੀ ਹੈ।

          ਅਦਿ–ਗ੍ਰੰਥ ਵਿਚ ਬਾਈ ਵਾਰਾਂ ਹਨ। ਇਨ੍ਹਾਂ ਵਿਚ ਪੰਜ ਅਤੇ ਅੱਠ ਤੁਕਾਂ ਵਾਲੀਆਂ ਪਉੜੀਆਂ ਮਿਲਦੀਆਂ ਹਨ। ਪੰਜਾਂ ਤੁਕਾਂ ਵਾਲੀ ਪਉੜੀ ਵਿਚ ਤੁਦਾਂਤ ਸਭ ਦਾ ਮਿਲਵਾਂ ਹੈ ਪਰ ਅੱਠਾਂ ਤੁਕਾਂ ਵਾਲੀ ਪਉੜੀ ਵਿਚ ਬਹੁਤ ਕਰਕੇ ਦੋ ਦੋ ਤੁਕਾਂ ਦਾ ਤੁਕਾਂਤ ਮਿਲਵਾਂ ਹੈ। ਕਿਤੇ ਕਿਤੇ ਮਧ ਅਨੁਪ੍ਰਾਸ ਦੀ ਵਰਤੋਂ ਵੀ ਮਿਲਦੀ ਹੈ। ਵਾਰਾਂ ਦੀਆਂ ਪਉੜੀਆਂ ਦੀ ਗਿਣਤੀ ਨਿਸ਼ਚਿਤ ਨਹੀਂ। ਪਉੜੀਆਂ ਵਿਚ ਭਿੰਨ ਭਿੰਨ ਮਾਤ੍ਰਿਕ ਪ੍ਰਬੰਧ ਵਰਤੇ ਹੋਏ ਮਿਲਦੇ ਹਨ ਜਿਵੇਂ :– 11, 9; 11,10; 13,9;13,10; 13,11;13, 15; 13, 16; 14, 9; 14, 10; 15, 14; 15,15; 16, 12; 16, 14। ਕਿਸੇ ਕਿਸੇ ਪਉੜੀ ਵਿਚ ਬਿਖਮ ਡੰਡਕ ਦੀ ਵਰਤੋਂ ਵੀ ਕੀਤੀ ਹੋਈ ਹੈ।

          ਆਦਿ ਗ੍ਰੰਥ ਵਿਚ ਪਉੜੀ ਤੋਂ ਮਗਰੋ ਸਲੋਕ ਦਾ ਵਿਸ਼ੇਸ਼ ਸਥਾਨ ਹੈ। ਲਮੇਰੀਆਂ ਰਚਨਾਵਾਂ ਅਤੇ ਖਾਸ ਕਰਕੇ ਵਾਰਾਂ ਵਿਚ ਸਲੋਕ ਦੀ ਵਰਤੋਂ ਮਿਲਦੀ ਹੈ। ਵਾਰਾਂ ਤੋਂ ਬਚੇ ਹੋਏ ਸਲੋਕ ਆਦਿ ਗ੍ਰੰਥ ਦੇ ਅਖ਼ਰੀਲੇ ਭਾਗ ਵਿਚ ਹਨ। ਇਸ ਭਾਗ ਵਚ ਸਹਸਕ੍ਰਿਤੀ, ਗਾਥਾ, ਫੁਨਹੇ, ਚਉਬੋਲੇ ਸਲੋਕ ਵੀ ਹਨ ਅਤੇ ਭਗਤ ਕਬੀਰ, ਬਾਬਾ ਫ਼ਰੀਦ ਅਤੇ ਗੁਰੂ ਸਾਹਿਬਾਨ ਦੇ ਵੀ ਸਲੋਕ ਹਨ। ਗੁਰੂ ਅਰਜਨ ਦੇਵ ਜੀ ਦੀ ਮਾਰੂ ਕੀ ਵਾਰ ਵਿਚ ਸਲੋਕ ਲਈ ਡਖਣਾ ਸ਼ਬਦ ਵਰਤਿਆ ਗਿਆ ਹੈ। ਇਨ੍ਹਾਂ ਸਲੋਕਾਂ ਵਿਚ ਦੱਖਣੀ (ਸਿੰਧੀ) ਦੀ ਵਰਤੋਂ ਕੀਤੀ ਗਈ ਹੈ। ਕਬੀਰ, ਫਰੀਦ ਅਤੇ ਗੁਰੂ ਤੇਗ਼ ਬਹਾਦਰ ਜੀ ਦੇ ਸਲੋਕ ਬਹੁਤੇ ਦੁਤੁਕੇ ਹਨ ਅਤੇ ਆਮ ਤੌਰ ਤੇ ਦੋਹਰੇ ਦੇ ਰੂਪ ਵਿਚ ਹਨ ਪਰ ਕਿਤੇ ਕਿਤੇ ਸਰੋਠਾ ਵੀ ਹੈ। ਬਾਕੀ ਗੁਰੂ ਸਾਹਿਬਾਨ ਨੇ ਕਈ ਤੁਕਾਂ ਦਾ ਸਲੋਕ ਵਰਤਿਆ ਹੈ ਅਤੇ ਇਸ ਲਈ ਕਾਵਿ–ਤੋਲ ਵੀ ਵਰਤੇ ਹਨ। ਸਭ ਤੋਂ ਵਧੀਕ ਤੁਕਾਂ ਵਾਲਾ ਸਲੋਕ ਮਲਾਰ ਕੀ ਵਾਰ ਵਿਚ ਹੈ ਜਿਸ ਦੀਆਂ 26 ਤੁਕਾਂ ਹਨ।

          ਆਦਿ ਗ੍ਰੰਥ ਵਿਚ ਛੰਦ ਚਾਰ ਤੁਕਾਂ ਦਾ ਵੀ ਹੈ ਅਤੇ ਛੇ ਤੁਕਾਂ ਦਾ ਵੀ। ਛੇ ਤੁਕਾਂ ਦੇ ਛੰਦ ਵਿਚ ਕੁੰਡਲੀਏ ਦੀ ਢਿਲਕਵੀਂ ਵਰਤੋਂ ਕੀਤੀ ਗਈ ਹੈ। ਕਿਤੇ ਮੇਰੀ ਜਿੰਦੜੀਏ, ਰਾਮ ਰਾਜੇ, ਰਾਮ ਜੀਉ ਆਦਿ ਸ਼ਬਦ ਪਾ ਕੇ ਤੇ ਤੁਕਾਂ ਨੂੰ ਲੰਬਾ ਕਰਕੇ ਰਸ ਪੈਦਾ ਕੀਤਾ ਗਿਆ ਹੈ। ਭੱਟਾਂ ਦੇ ਸਵੈਯੇ ਜੋ ਆਦਿ ਗ੍ਰੰਥ ਵਿਚ ਸ਼ਾਮਲ ਹਨ ਨਿਰੇ ਸਵੈਯੇ ਦੇ ਭਿੰਨ ਭਿੰਨ ਰੂਪ ਨਹੀਂ। ਉਨ੍ਹਾਂ ਵਿਚ ਹੋਰ ਛੰਦਾਂ ਦੀ ਵਰਤੋਂ ਵੀ ਕੀਤੀ ਗਈ ਹੈ।

          ਆਦਿ ਗ੍ਰੰਥ ਵਿਚ ਜਿਹੜੇ ਛੰਦਾਂ ਦੀ ਬਹੁਤ ਵਰਤੋਂ ਮਿਲਦੀ ਹੈ, ਉਹ ਹਨ ਦੋਹਰਾ, ਸੋਰਠਾ, ਸਵੈਯਾ, ਅੜਿਲ, ਕੁੰਡਲੀਆਂ, ਚੌਪਈ, ਦਵੱਈਆ, ਤਾਟੰਕ, ਚਿਤ੍ਰਕਲਾ, ਝੋਲਨਾ ਅਤੇ ਨਿਸ਼ਾਨੀ। ਭਗਤਾਂ–ਸੰਤਾਂ ਨੇ ਛੰਦ ਬੰਦੀ ਦੇ ਨਿਯਮਾਂ ਦੀ ਪਰਵਾਹ ਨਹੀਂ ਕੀਤੀ। ਉਹ ਲੋਕ–ਕਵੀ ਸਨ ਜਿਨ੍ਹਾਂ ਨੇ ਹਰਮਨ ਪਿਆਰੀਆਂ ਤਰਜ਼ਾਂ ਉੱਤੇ ਆਪਣੀ ਕਾਵਿ–ਰਚਨਾ ਕੀਤੀ। ਕਵਿਤਾ ਰਚਣ ਵੇਲੇ ਉਹ ਕਿਸੇ ਛੰਦ ਨੂੰ ਮੁੱਖ ਨਹੀਂ ਸਨ ਰੱਖਦੇ, ਨਾ ਹੀ ਉਹ ਤੁਕਾਂ ਵਿਚ ਮਾਤਰਾਂ ਦਾ ਅਤੇ ਬੰਦਾਂ ਵਿਚ ਤੁਕਾਂ ਦਾ ਖ਼ਿਆਲ ਰੱਖਦੇ ਸਨ। ਉਨ੍ਹਾਂ ਨੇ ਦਵੱਖ ਵੱਖ ਕਿਸਮ ਦੀਆਂ ਕਵਿਤਾਵਾਂ ਲਈ ਇੱਕੋ ਪ੍ਰਕਾਰ ਦੇ ਤੋਲ ਵਰਤੇ ਹਨ। ਉਨ੍ਹਾਂ ਨੇ ਜਿਥੇ ਲੋਕ–ਤਰਜਾਂ ਨੂੰ ਅਪਣਾਇਆ, ਉਥੇ ਉਨ੍ਹਾਂ ਨੇ ਪੱਟੀ, ਬਾਰਹਮਾਹ, ਸਤਵਾਰਾ, ਰੁੱਤੀ, ਥਿੱਤੀ, ਬਾਵਨ ਅੱਖਰੀ, ਪਹਰੇ, ਅਲਾਹੁਣੀ, ਘੋੜੀਆਂ ਅਤੇ ਵਾਰ ਆਦਿ ਕਾਵਿ–ਭੇਦ ਵੀ ਅਪਣਾਏ।

          ਮੁੱਢ ਵਿਚ ਆਏ ਜਪੁ ਜੀ ਅਤੇ ਅੰਤ ਵਿਚ ਆਹੇ ਸਲੋਕਾਂ ਅਤੇ ਸਵੈਯਾਂ ਤੋਂ ਛੁੱਟ ਆਦਿ ਗ੍ਰੰਥ ਦੀ ਬਾਕੀ ਦੀ ਸਾਰੀ ਬਾਣੀ ਰਾਗਾਂ ਵਿਚ ਹੈ। ਇਹ ਰਾਗ ਕੁਲ 31 ਹਨ। ਇਨ੍ਹਾਂ ਵਿਚੋਂ ਅਸਲ ਵਿਚ ਚੌਦਾਂ ਰਾਗ ਹਨ ਅਤੇ ਸਤਾਰਾਂ ਰਾਗਣੀਆਂ। ਆਸਾਵਰੀ ਅਤੇ ਆਸਾ ਦੋਹਾਂ ਰਾਗਣੀਆਂ ਨੂੰ ਇਕ ਥਾਂ ਇਕੱਠਾ ਕਰ ਦਿੱਤਾ ਗਿਆ ਹੈ। ਇਸ ਗੱਲ ਨੂੰ ਮੁੱਖ ਰੱਖ ਕੇ ਅਸੀਂ ਆਦਿ ਗ੍ਰੰਥ ਦੇ ਬੱਤੀ ਰਾਗ ਤੇ ਰਾਗਣੀਆਂ ਮੰਨ ਸਕਦੇ ਹਾਂ। ਆਦਿ ਗ੍ਰੰਥ ਦੇ ਅਖ਼ੀਰ ਵਿਚ ਦਿੱਤੀ ਗਈ ਰਾਗਮਾਲਾ ਵਿਚ ਛੇ ਵੱਡੇ ਰਾਗਾਂ ਦਾ ਜ਼ਿਕਰ ਹੈ। ਹਰ ਰਾਗ ਦੀਆਂ ਪੰਜ ਵਹੁਟੀਆਂ ਅਤੇ ਅੱਠ ਪੁੱਤਰ ਹਨ। ਛੇ ਵੱਡੇ ਰਾਗਾਂ ਵਿਚੋਂ ਆਦਿ ਗ੍ਰੰਥ ਵਿਚ ਕੁਲ ਦੋ ਵੱਡੇ ਰਾਗ ਹਨ : ਸਿਰੀ ਰਾਗ ਅਤੇ ਭੈਰਉ ਰਾਗ। ਤੀਹ ਵਹੁਟੀਆਂ ਅਤੇ ਅਠਤਾਲੀ ਪੁੱਤਰਾਂ ਦੇ ਵੱਡੇ ਪਰਵਾਰ ਵਿਚੋਂ ਆਦਿ ਗ੍ਰੰਥ ਵਿਚ ਕੇਵਲ ਗਿਆਰਾਂ ਵਹੁਟੀਆਂ ਅਤੇ ਅੱਠ ਪੁੱਤਰ ਹਨ। ਆਦਿ ਗ੍ਰੰਥ ਵਿਚ ਆਏ ਬਿਹਾਗੜਾ, ਵਡਹੰਸੁ, ਮਾਲੀ–ਗਉੜਾ ਅਤੇ ਕਲਿਆਨ ਰਾਗਾਂ ਅਤੇ ਮਾਝ, ਜੈਤਸਰੀ, ਰਾਮਕਲੀ, ਤੁਖਾਰੀ, ਪ੍ਰਭਾਤੀ ਅਤੇ ਜੈਜਾਵੰਤੀ ਰਾਗਣੀਆਂ ਦਾ ਕੋਈ ਜ਼ਿਕਰ ਨਹੀਂ।

          ਆਦਿ ਗ੍ਰੰਥ ਕਿਸੇ ਰਾਗ ਨੂੰ ਕੋਈ ਵਿਸ਼ੇਸ਼ਤਾ ਨਹੀਂ ਦਿੰਦਾ, ਇਸ ਲਈ ਪ੍ਰਭੂ–ਪਿਆਰ ਵਿਚ ਗੜੂੰਦ ਕਰ ਦੇਣ ਵਾਲਾ ਹਰ ਰਾਗ ਚੰਗਾ ਹੈ :–

                   ਸਭਨਾ ਰਾਗਾਂ ਵਿਚ ਸੋ ਭਲਾ ਭਾਈ ਜਿਤੁ ਵਸਿਆ ਮਨਿ ਆਇ ।।

                                                                             (ਸਲੋਕ ਵਾਰਾਂ ਤੇ ਵਧੀਕ ਮ. ੪)

          ਆਦਿ ਗ੍ਰੰਥ ਦੇ ਬਿੰਬ ਅਤੇ ਸ਼ਬਦ–ਚਿੱਤਰ ਘਰੋਗੀ ਜੀਵਨ ਅਤੇ ਕੁਦਰਤ ਦੇ ਪਸਾਰੇ, ਦੋਹਾਂ ਵਿਚੋਂ ਲਏ ਗਏ ਹਨ। ਇਸ ਵਿਚ ਕੁਦਰਤ ਦੇ ਪਸਾਰੇ ਦੀ ਬਿੰਬਾਵਲੀ ਵਿਚ ਰੁੱਤਾਂ ਅਤੇ ਇਨ੍ਹਾਂ ਦੀਆਂ ਤਬਦੀਲੀਆਂ ਆਕਾਸ਼, ਸੂਰਜ–ਉਦੈ, ਬੱਦਲ, ਮੀਂਹ, ਝੱਖੜ, ਧੁੱਪ, ਛਾਂ, ਬਾਗ, ਫੁੱਲ, ਰੁੱਖ, ਖਾਦ, ਬੁਟੀਆਂ, ਸਾਗਰ, ਜਹਾਜ਼, ਦਰਿਆ ਤੇ ਇਹਦਾ ਕਿਨਾਰਾ, ਘਾਹ ਛੱਪੜ, ਪਸ਼ੂ, ਪੰਛੀ, ਕੀੜੇ ਆਦਿ ਦੇ ਬਿੰਬਾਂ ਦੀ ਵਰਤੋਂ ਹੈ। ਘਰੋਗੀ–ਜੀਵਨ ਵਿਚੋਂ ਖਾਣ, ਪੀਣ ਪਕਾਉਣ ਸੌਣ, ਨੀਂਦ ਸੁਪਨਿਆਂ, ਕਪੜਿਆਂ, ਅੱਗ, ਬੀਮਾਰੀਆਂ, ਦਵਾਈਆਂ, ਮਾਪਿਆਂ ਬੱਚਿਆਂ, ਜਨਮ, ਮੌਤ, ਵਿਆਹ ਆਦਿ ਦੇ ਸ਼ਬਦ–ਚਿੱਤਰਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਤੋਂ ਛੁੱਟ ਮਨੁੱਖਾਂ ਦੀਆਂ ਸ੍ਰੇ਼ਣੀਆਂ, ਰਾਜਿਆਂ, ਦਰਬਾਰੀਆਂ, ਸਿਪਾਹੀਆਂ, ਮੰਗਤਿਆਂ, ਚੋਰਾਂ, ਕੈਦੀਆਂ, ਚਾਕਰਾਂ ਆਦਿ ਦੇ ਚਿੱਤਰ ਵੀ ਮਿਲਦੇ ਹਨ।

          ਆਦਿ ਗ੍ਰੰਥ ਵਿਚ ਪਰਮਾਤਮਾ ਨੂੰ ਸਗਲਾ ਸੁਖ–ਸਾਗਰ, ਗੁਣਨਿਧਾਨ, ਸੂਤਰਧਾਰ, ਚਿੱਤਰਕਾਰ, ਰਾਜਾ, ਨਾਇਕ, ਭਰਤਾ, ਮਾਤਾ–ਪਿਤਾ, ਮਾਲੀ, ਮਿੱਤਰ, ਬਾਜ਼ੀਗਰ, ਸਰਬ–ਜੋਤ, ਜੋਗੀ, ਭੋਗੀ, ਕੰਵਲ–ਨੈਨ, ਬਨਵਾਰੀ, ਸੁੰਦਰ ਆਦਿ ਕਿਹਾ ਗਿਆ ਹੈ। ਸਤਿਗੁਰੂ ਨੂੰ ਸਮੁੰਦਰ, ਸਰਾਫ਼, ਸ਼ਾਹ, ਸਖੀ, ਸੂਰਬੀਰ, ਦਰਿਆ, ਪਾਂਧਾ, ਖੇਵਟ, ਪਾਰਸ, ਫ਼ੀਲਵਾਨ, ਵਿਚੋਲਾ, ਵੈਦ ਆਦਿ ਦਾ ਰੂਪ ਦਿੱਤਾ ਗਿਆ ਹੈ। ਨਾਮ ਧਨ ਹੈ, ਅੰਮ੍ਰਿਤ ਹੈ, ਉਦਕ ਹੈ। ਮਾਇਆ ਸਰਪਣੀ ਹੈ, ਮਿੱਠੀ ਹੈ, ਜਾਲ ਹੈ। ਮਨ ਮੈਗਲ ਅਤੇ ਬਾਸ਼ਾ ਹੈ, ਸਰੀਰ ਘੋੜੀ, ਮਟਕੀ ਅਤੇ ਦੇਵਲ ਹੈ। ਜੀਵ ਚੂਹਾ ਹੈ ਅਤੇ ਜਮਰਾਜ ਬਿੱਲਾ, ਜੀਵ ਚਿੜੀ ਹੈ ਅਤੇ ਜਮਰਾਜ ਬਾਜ਼।

          ਆਦਿ ਗ੍ਰੰਥ ਵਿਚ ਦ੍ਰਿਸ਼ਟਾਂਤਾਂ ਅਤੇ ਤੁਲਨਾਵਾਂ ਨਾਲ ਵੀ ਬਿੰਬਾਵਲੀ ਉਪਜਦੀ ਮਿਲਦੀ ਹੈ। ਚਿੰਨ੍ਹਾਂ ਅਤੇ ਸੰਕੇਤਾਂ ਦੀ ਵਰਤੋਂ ਵੀ ਕੀਤੀ ਗਈ ਹੈ। ਮਿਥਿਹਾਸਕ ਹਵਾਲੇ ਵੀ ਬਿੰਬ–ਉਸਾਰੀ ਕਰਦੇ ਹਨ। ਆਦਿ–ਗ੍ਰੰਥ ਵਿਚ ਵਿਚਾਰਾਂ ਦਾ ਦੁਹਰਾਉ ਭਾਵੇਂ ਬਹੁਤ ਮਿਲਦਾ ਹੈ ਪਰ ਰੂਪਕਾਂ, ਉਪਮਾਵਾਂ ਅਤੇ ਬਿੰਬਾਵਲੀਆਂ ਦੀ ਵਰਤੋਂ ਨਾਲ ਅਕੇਵਾਂ ਨਹੀਂ ਆਉਂਦਾ, ਬਾਣੀਅ ਸਦਾ ਸਜਰੀ ਅਤੇ ਰਸਦਾਇਕ ਪ੍ਰਤੀਤ ਹੁੰਦੀ ਹੈ।

          1.       ਧਰਣਿ ਸੁਵਿੰਨੀ ਖੜ ਰਤਨ ਜੜਾਵੀ ਹਰਿ ਪ੍ਰੇਮ ਪੁਰਖੁ ਮਨਿ ਵੁਠਾ।।

                                                                             (ਗਉੜੀ ਕੀ ਵਾਰ ਸਲੋਕ ਮ. ੫)

          2.       ਜੈਸੇ ਗਇ ਕਾ ਬਾਛਾ ਛੂਟਲਾ।।

                   ਥਨ ਚੋਖਤਾ ਮਾਖਨੁ ਘੂਟਲਾ।।

                   ਨਾਮਦੇਉ ਨਾਰਾਇਨੁ ਪਾਇਆ।।

                   ਗੁਰੁ ਭੇਟਤ ਅਲਖੁ ਲਖਾਇਆ।।

                                                          (ਗੋਂਡ ਨਾਮਦੇਉ)

          3.       ਗਿਲੀ ਗਿਲੀ ਰੋਡੜੀ ਭਉਦੀ ਭਵਿ ਭਵਿ ਆਇ ।।

                   ਜੋ ਬੈਠੇ ਸੇ ਫਾਥਿਆ ਉਬਰੇ ਭਾਗ ਮਥਾਇ ।।

                                                                             (ਮਾਰੂ ਵਾਰ ਮ. ੫)

          4.       ਨਟੂਐ ਸਾਂਗੁ ਬਣਾਇਆ ਬਾਜੀ ਸੰਸਾਰਾ ।।

                   ਖਿਨੁ ਪਲੁ ਬਾਜੀ ਦੇਖੀਐ ਉਝਰਤ ਨਹੀ ਬਾਰਾ ।।

                                                                                      (ਆਸਾ ਮ. ੧)

          5.       ਜਿਉ ਕਾਜਰ ਭਰਿ ਮੰਦਰ ਰਾਖਿਓ ਜੋ ਪੈਸੇ ਕਾਲੂਖੀ ਰੇ ।।

                                                                   (ਦੇਵਗੰਧਾਰੀ ਮ. ੫)

          ਗੁਰੂ ਨਾਨਕ ਦੀ ਰਚਨਾ ਵਿਚ ਬਿੰਬਾਂ ਦੀ ਬਹੁਲਤਾ ਹੈ ਕਿਉਂਕਿ ਉਨ੍ਹਾਂ ਦਾ ਤਜਰਬਾ ਵਿਸ਼ਾਲ ਹੈ। ਕਿਸੇ ਕਵੀ ਦਾ ਜੀਵਨ ਤਜਰਬਾ ਜਿੰਨਾ ਵਿਸ਼ਾਲ ਹੈ, ਉੰਨੇ ਹੀ ਚੌੜੇ ਪਸਾਰੇ ਵਿਚੋਂ ਉਸਦੇ ਬਿੰਬ ਹੁੰਦੇ ਹਨ।

          ਜਿਵੇਂ ਕਿ ਉੱਤੇ ਦੱਸਿਆ ਜਾ ਚੁੱਕਾ ਹੈ, ਆਦਿ ਗ੍ਰੰਥ ਵਿਚ ਜਿਨ੍ਹਾਂ ਮਹਾਂ ਪੁਰਸ਼ਾਂ ਦੀ ਬਾਣੀ ਦਰਜ ਹੈ, ਉਹ ਬਾਰ੍ਹਵੀਂ ਸਦੀ ਤੋਂ ਲੈ ਕੇ ਸਤਾਰ੍ਹਵੀਂ ਸਦੀ ਤਕ ਹੋਏ। ਇਸ ਸਮੇਂ ਭਾਰਤ ਉੱਤੇ ਮੁਸਲਮਾਨਾਂ ਦਾ ਰਾਜ ਸੀ। ਰਾਜਮਦ ਵਿਚ ਉਹ ਹਿੰਦੂ ਜਨਤਾ ਉੱਤੇ ਜਬਰ ਕਰ ਰਹੇ ਸਨ। ਇਸ ਜਬਰ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਨੇ ਅਲੰਕਾਰਕ ਢੰਗ ਨਾਲ ਹੇਠ ਲਿਖੀਆਂ ਤੁੱਕਾਂ ਰਾਹੀਂ ਕੀਤਾ ਹੈ :

          ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ।।

          ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ।।

          ਹਉ ਭਾਲਿ ਵਿਕੁੰਨੀ ਹੋਈ ।। ਆਧੇਰੈ ਰਹੁ ਨ ਕੋਈ।।

          ਵਿਚਿ ਹਉਮੈ ਕਰਿ ਦੁਖੁ ਰੋਈ ।। ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ।।

                                                                   (ਵਾਰ ਮਾਧ ਮ.੧)

          ਉਸ ਸਮੇਂ ਸਮਾਜਕ ਅਤੇ ਧਾਰਮਕ ਤੌਰ ਤੇ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਨੀਵੀਂ ਪੱਛਰ ਦੇ ਸਨ। ਰਾਜੇ ਕਸਾਈ ਸਨ ਅਤੇ ਉਨ੍ਹਾਂ ਦੇ ਪਰਜਾ ਵੱਲ ਆਪਣੇ ਫ਼ਰਜ਼ਾਂ ਨੂੰ ਭੁਲਾ ਦਿੱਤਾ ਸੀ। ਸੱਚ ਅਤੇ ਧਰਮ ਜਗਤ ਵਿਚੋਂ ਪਰ ਲਾ ਕੇ ਉੱਡ ਗਏ ਸਨ ਅਤੇ ਹਊਮੈ ਨਾਲ ਸੰਸਾਰ ਦੁੱਖੀ ਹੋ ਰਿਹਾ ਸੀ। ਪਰਜਾ ਜਿਥੇ ਰਾਜੇ ਦੇ ਹੱਥੋਂ ਦੁਖੀ ਸੀ ਉਥੇ ਸ਼ੂਦਰ ਬ੍ਰਾਹਮਣ ਦੇ ਹੱਥੋਂ ਤੰਗ ਸੀ ਅਤੇ ਇਸਤਰੀ ਮਰਦ ਦੇ ਹੱਥੋਂ। ਕਪਟ ਅਤੇ ਭੇਖ ਦਾ ਰਾਜ ਸੀ। ਜੋਗੀ ਅਤੇ ਸੰਨਿਆਸੀ ਵੀ ਠੱਗੀ ਦਾ ਜੀਵਨ ਜੀ ਰਹੇ ਸਨ। ਗੁਰੂ ਨਾਨਕ ਦੇਵ ਜੀ ਨੇ ਤਾਂ ਇਥੋਂ ਤੱਕ ਕਹਿ ਦਿੱਤਾ :–

                   ਖੋਟੇ ਕਉ ਖਰਾ ਕਹੈ ਖਰੇ ਸਾਰ ਨਾ ਜਾਣੈ ।।

                   ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ ।।

                   ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ ।।

                   ਜੀਵਨ ਕਉ ਮੂਆ ਕਹੈ ਮੂਏ ਨਹੀਂ ਰੋਤਾ ।।

                   ....                ....                ....                ....

                   ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀਂ ਦੀਸੈ ।।

                   ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀਂ ਰੀਸੈ ।।

                                                                   (ਗਉੜੀ ਮ. ੧)

          ਉਸ ਸਮੇਂ ਦੀ ਧਾਰਮਕ ਅਧੋਗਤੀ ਦਾ ਵੱਡਾ ਕਾਰਨ ਤਤ ਵਸਤੂ ਨੂੰ ਭੁਲ ਕੇ ਕਰਮ–ਕਾਂਡਾਂ ਵਿਚ ਖਚਿਤ ਹੋਣਾ ਸੀ। ਬ੍ਰਾਹਮਣ ਨੂੰ ਆਪ ਗਿਆਨ ਦੀ ਸੋਝੀ ਨਹੀਂ ਸੀ। ਇਸ ਲਈ ਉਹ ਹਿੰਦੂ ਜਨਤਾ ਨੂੰ ਆਪਣੇ ਲਾਭ ਲਈ ਠੱਗ ਰਿਹਾ ਸੀ। ਹਿੰਦੂ ਜਾਤੀ ਨਿਤ ਅਤੇ ਨਿਮਿਤ ਕਰਮਾਂ, ਸੂਤਕ ਪਾਤਕ ਅਤੇ ਸੰਸਕਾਰਾਂ ਦੇ ਚੱਕਰ ਵਿਚ ਪਈ ਹੋਈ ਸੀ। ਮੁਸਲਮਾਨ ਵੀ ਕਈ ਕਿਸਮ ਦੇ ਕਰਮ–ਕਾਂਡਾ ਵਿਚ ਖਚਿਤ ਸਨ। ਆਦਿ ਗ੍ਰੰਥ ਵਿਚ ਕਰਮ–ਕਾਂਡਾਂ ਨੂੰ ਵਿਅਰਥ ਮੰਨਿਆ ਗਿਆ ਹੈ ਕਿਉਂਕਿ ਜੋ ਇਹ ਜੀਵ ਨੂੰ ਹਉਮੈ ਦੇ ਬੰਧਨਾਂ ਵਿਚ ਪਾ ਕੇ ਰੱਬ ਤੋਂ ਦੂਰ ਲੈ ਜਾਂਦੇ ਹਨ। ਗੁਰੂ ਅਰਜਨ ਦੇਵ ਜੀ ਦਾ ਬਚਨ ਹੈ :–

                   ਹਰਿ ਬਿਨੁ ਅਵਰ ਕ੍ਰਿਆ ਬਿਰਥੇ ।।

                   ਜਪ ਤਪ ਸੰਜਮ ਕਰਮ ਕਮਾਣੇ ਇਹਿ ਓਰੈ ਮੂਸੇ।।

                                                                             (ਗਉੜੀ ਮ. ੫)

                   ਆਦਿ ਗ੍ਰੰਥ ਦੀ ਬਾਣੀ ਵਿਚ ਗੁਰੂ ਸਾਹਿਬਾਨ ਅਤੇ ਭਗਤਾਂ ਨੇ ਆਪਣੇ ਸਮਕਾਲੀ ਮੱਤਾਂ ਦੇ ਅਨੁਯਾਈਆਂ ਦੇ ਧਾਰਮਕ ਜੀਵਨ ਬਾਰੇ ਵੀ ਆਪਣੇ ਵਿਚਾਰ ਪਰਗਟ ਕੀਤੇ ਹਨ। ਉਨ੍ਹਾਂ ਦੀ ਰਚਨਾ ਵਿਚ ਸਮਕਾਲੀ ਮੱਤਾਂ ਦੇ ਸਿਧਾਂਤਾਂ ਅਤੇ ਵਿਚਾਰਧਾਰਾ ਦਾ ਵੀ ਜ਼ਿਕਰ ਹੈ। ਉਸੇ ਸਮੇਂ ਬ੍ਰਾਹਮਣੀ ਮੱਤ ਦਾ ਜ਼ੋਰ ਸੀ। ਛੇ ਸ਼ਾਸਤਰਾਂ ਦੇ ਮੰਨਣ ਵਾਲੇ ਕੀ ਕਈ ਸਨ। ਜੈਨੀ ਵੀ ਦੇਸ਼ ਵਿਚ ਵਿਚਰਦੇ ਸਨ। ਬੁੱਧ ਧਰਮ ਵਿਚ ਭਾਵੇਂ ਜਾਨ ਨਹੀਂ ਸੀ ਪਰ ਇਸਦੇ ਮਗਰਲੇ ਅਸਰ ਪਰਤੱਖ ਸਨ। ਮੁਸਲਮਾਨੀ ਮੱਤ ਜਿਸਨੂੰ ਭਾਰਤ ਵਿਚ ਆਇਆਂ ਬਹੁਤ ਦੇਰ ਨਹੀਂ ਸੀ ਹੋਈ, ਆਪਣਾ ਦਬਦਬਾ ਜਮਾ ਰਿਹਾ ਸੀ। ਵੇਦਾਂ, ਪੁਰਾਣਾਂ ਅਤੇ ਸ਼ਾਸਤਰਾਂ ਦੇ ਮੰਨਣ ਵਾਲੇ ਆਪਣੇ ਇਸ਼ਟ ਦੇਵ ਨੂੰ ਹੀ ਬ੍ਰਹਮ ਮਿਥ ਕੇ ਇਕ ਦੂਜੇ ਨਾਲ ਲੜਦੇ ਸਨ। ਸ਼ਿਵ, ਸ਼ਕਤੀ ਅਤੇ ਵਿਸ਼ਨੂੰ ਦੇ ਉਪਾਸ਼ਕਾਂ ਦਾ ਬੜਾ ਜ਼ੋਰ ਸੀ।

          ਆਦਿ ਗ੍ਰੰਥ ਵਿਚ ਸਿੱਧਾਂ, ਬੁੱਧਾਂ ਅਤੇ ਨਾਥਾਂ ਦਾ ਜ਼ਿਕਰ ਇਕੱਠਾ ਹੀ ਮਿਲਦਾ ਹੈ। ਇਹ ਸੰਜੋਗ ਬੁੱਧ–ਮੱਤ ਅਤੇ ਨਾਥ–ਮੱਤ ਦੇ ਸਬੰਧਾਂ ਨੂੰ ਪਰਗਟ ਕਰਦਾ ਹੈ। ਨਾਥਾਂ ਜੋਗੀਆਂ ਦੀ ਜੀਵਨ–ਜੁਗਤੀ ਦਾ ਗੁਰੂ ਨਾਨਕ ਦੇਵ ਜੀ ਨੇ ਸਿਧ ਗੋਸਟਿ ਵਿਚ ਖੰਡਨ ਕੀਤਾ ਹੈ। ਜੈਨੀਆਂ ਦੀ ਜੀਵਨ–ਜੁਗਤੀ ਦੀ ਪੜਚੋਲ ‘ਮਾਝ ਕੀ ਵਾਰ’ ਵਿਚ ਕੀਤੀ ਗਈ ਹੈ। ਸਾਂਖ ਮੱਤ ਦਾ ਦਵੈਤਵਾਦ ਆਦਿ ਗ੍ਰੰਥ ਦੇ ਮਹਾਂ–ਪੁਰਖਾਂ ਨੂੰ ਪਰਵਾਨ ਨਹੀਂ। ਪੁਰਸ਼ ਅਤੇ ਪ੍ਰਕਿਰਤੀ ਦੋਵੇਂ ਹੀ ਸਾਂਖ ਮੱਤ ਅਨੁਸਾਰ ਅਨਾਦੀ ਹਨ ਪਰ ਗੁਰਮਤਿ ਅਕਾਲ ਪੁਰਖ ਨੂੰ ਪ੍ਰਕਿਰਤੀ ਦਾ ਕਰਤਾ ਮੰਨਦਾ ਹੈ। ਵੈਸ਼ੇਸ਼ਕ ਵੀ ਸਾਂਖ ਵਾਂਗੂੰ ਨਾਸਤਕ ਹੈ ਅਤੇ ਨਿਆਇ–ਸ਼ਾਸਤਰ ਦਲੀਲਾਂ ਨਾਲ ਪ੍ਰਭੂ ਦੀ ਹੋਂਦ ਨੂੰ ਸਿੱਧ ਕਰਨ ਦਾ ਜਤਨ ਕਰਦਾ ਹੈ। ਆਦਿ ਗ੍ਰੰਥ ਅਤੇ ਇਨ੍ਹਾਂ ਦੋਹਾਂ ਮੱਤਾਂ ਦੀ ਆਪੋ ਵਿਚ ਕੋਈ ਸਾਂਝ ਨਹੀਂ। ਜੈਮਿਨੀ ਦਾ ਪੂਰਵ ਮੀਮਾਂਸਾ ਕਰਮ–ਕਾਂਡ ਉੱਤੇ ਜ਼ੋਰ ਦਿੰਦਾ ਹੈ। ਇਸਨੂੰ ਆਦਿ ਗ੍ਰੰਥ ਦੇ ਸੰਤ ਕਵੀਆਂ ਨੇ ਸਵੀਕਾਰ ਨਹੀਂ ਕੀਤਾ। ਆਦਿ ਗ੍ਰੰਥ ਦੀ ਵਿਚਾਰ–ਪ੍ਰਣਾਲੀ ਦੀ ਬਹੁਤੀ ਸਾਂਝ ਵੇਦਾਂਤ ਨਾਲ ਹੈ। ਵੇਦਾਂ ਦਾ ਗਿਆਨ–ਕਾਂਡ ਉਪਨਿਸ਼ਦ ਹਨ ਅਤੇ ਆਦਿ ਗ੍ਰੰਥ ਦੇ ‘ਜਪੁ’ ਜੀ ਅਤੇ ‘ਸੁਖਮਨੀ’ ਵਰਗੇ ਦਾਰਸ਼ਨਿਕ ਕਾਵਿ ਆਧੁਨਿਕ ਬੋਲੀ ਵਿਚ ਉਪਨਿਸ਼ਦ ਕਹੇ ਜਾ ਸਕਦੇ ਹਨ। ਸ਼ੰਕਰਾਚਾਰੀਆ ਦੇ ‘ਅਦਵੈਤਵਾਦ’ ਨਾਲੋਂ ਰਾਮਾਨੁਜਾਚਾਰੀਆ ਦਾ ‘ਵਿਸ਼ਿਸ਼ਟਾਦਵੈਤ’ ਆਦਿ ਗ੍ਰੰਥ ਦੇ ਬ੍ਰਹਮ–ਵਿਚਾਰ ਦੇ ਬਹੁਤ ਨੇੜੇ ਹੈ। ਸ਼ੰਕਰਾਚਾਰੀਆ ਅਨੁਸਾਰ ਕੇਵਲ ‘ਬ੍ਰਹਮ’ ਹੀ ਸੱਤ ਹੈ, ਬਾਕੀ ਸੰਸਾਰ ਕੇਵਲ ਅਵਿੱਦਿਆ ਦੇ ਕਾਰਨ ਭਾਸਦਾ ਹੈ। ਉਸਦਾ ਵਿਸ਼ੇਸ਼ ਬੋਲ ‘ਤਤ੍ਵਅਸਮਿ’ ਹੈ ਜੋ ਆਦਿ ਗ੍ਰੰਥ ਨੇ ਪਰਵਾਨ ਨਹੀਂ ਕੀਤਾ। ਆਦਿ ਗ੍ਰੰਥ ਅਨੁਸਾਰ ਸੰਸਾਰ ਵੀ ਸੱਤ ਹੈ; ਇਸਦੀ ਹੋਂਦ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸ਼ੰਕਰਾਚਾਰੀਆ ਸੰਨਿਆਸ ਧਾਰਨ ਉੱਤੇ ਜ਼ੋਰ ਦਿੰਦਾ ਹੈ ਪਰ ਆਦਿ ਗ੍ਰੰਥ ਗ੍ਰਹਿਸਥੀ ਜੀਵਨ ਜਾਂ ਪਰਵਿਰਤੀ ਮਾਰਗ ਦਾ ਪ੍ਰਚਾਰ ਕਰਦਾ ਹੈ। ਰਾਮਾਨੁਜਾਚਾਰੀਆ ਦਾ ‘ਵਿਸ਼ਿਸ਼ਟਾਦਵੈਤ’ ਬ੍ਰਹਮ ਨੂੰ ਸਭ ਕੁਝ ਮੰਨਦਾ ਹੋਇਆ ਵੀ ਸੰਸਾਰ ਦੀ ਸੱਤਤਾ ਤੋਂ ਇਨਕਾਰੀ ਨਹੀਂ। ਉਹ ਬ੍ਰਹਮ ਨੂੰ ਦਇਆਵਾਨ, ਮਿੱਠਾ ਅਤੇ ਪਿਆਰ ਕਰਨ ਵਾਲਾ ਮੰਨਦਾ ਹੈ ਅਤੇ ਉਸਨੂੰ ਭਗਤੀ ਭਾਵ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ ਗੁਰਮਤਿ ਦਾ ਵੀ ਇਹੋ ਹੀ ਮਾਰਗ ਹੈ।

          ਆਦਿ ਗ੍ਰੰਥ ਵਿਚ ਮਨੁੱਖ ਨੂੰ ਵਰਣਾਂ ਅਤੇ ਆਸ਼ਰਮਾਂ ਦੀਆਂ ਵੰਡੀਆਂ ਤੋਂ ਉੱਚਾ ਉਠੱਣ ਲਈ ਪ੍ਰੇਰਿਆ ਗਿਆ ਹੈ ਅਤੇ ਹਿੰਦੂ ਧਰਮ ਦੇ ਕਰਮ ਅਤੇ ਆਵਾਗਉਣ ਦੇ ਸਿੱਧਾਂਤਾਂ ਨੂੰ ਪਰਵਾਨ ਕੀਤਾ ਗਿਆ ਹੈ। ‘ਭਾਗਵਦ ਗੀਤਾ’ ਵਿਚ ਵਿਸ਼ੇਸ਼ ਤੌਰ ਤੇ ਤਿੰਨ ਯੋਗਾਂ ਦਾ ਵਰਣਨ ਮਿਲਦਾ ਹੈ : ਕਰਮ–ਯੋਗ, ਭਗਤੀ–ਯੋਗ ਅਤੇ ਗਿਆਨ–ਯੋਗ। ਆਦਿ ਗ੍ਰੰਥ ਵਿਅਕਤੀ ਦੀ ਜੀਵਨ–ਉਸਾਰੀ ਲਈ ਇਨ੍ਹਾਂ ਤਿੰਨਾਂ ਦੇ ਸੰਤੁਲਨ ਨੂੰ ਸਵੀਕਾਰ ਕਰਦਾ ਹੈ। ਅਵਤਾਰਵਾਦ ਅਤੇ ਦੇਵੀ ਦੇਵਤਿਆਂ ਦੀ ਪੂਜਾ ਆਦਿ ਗ੍ਰੰਥ ਦੇ ਸੰਤਾਂ, ਭਗਤਾਂ ਨੇ ਪਰਵਾਨ ਨਹੀਂ ਕੀਤੀ। ਇਸ ਲਈ ਦੇਵੀ ਦੇਵਤਿਆਂ ਅਤੇ ਅਵਤਾਰਾਂ ਨੂੰ ਪੂਜਣ ਵਾਲੇ ਮੱਤਾਂ ਦੀ ਉਨ੍ਹਾਂ ਨੇ ਆਲੋਚਨਾ ਕੀਤੀ ਹੈ। ਉਨ੍ਹਾਂ ਅਨੁਸਾਰ ਸਭ ਦੇਵੀ ਦੇਵਤੇ ਮਾਇਆ ਦੇ ਮੋਹੇ ਹੋਏ ਹਨ :

          ਮਾਇਆ ਅੰਤਰਿ ਭੀਨੇ ਦੇਵ ।।

                                                                             (ਭੈਰਉ ਕਬੀਰ ਜੀ)

          ਮਾਇਆ ਮੋਹੇ ਦੇਵੀ ਸਭਿ ਦੇਵਾ ।।

                                                          (ਗਉੜੀ ਮ. ੧)

          ਹਿੰਦੂ ਧਰਮ ਦੇ ਉਸ ਸਮੇਂ ਦੇ ਪ੍ਰਧਾਨ ਮੱਤ–ਵੈਸ਼ਨਵ ਮੱਤ, ਸ਼ੈਵ ਮੱਤ ਅਤੇ ਸ਼ਾਕਤ ਮੱਤ ਸਨ। ਇਹ ਧਰਮ ਕ੍ਰਮਵਾਰ ਵਿਸ਼ਨੂੰ, ਸ਼ਿਵਜੀ ਅਤੇ ਸ਼ਕਤੀ (ਭਾਵ ਦੁਰਗਾ, ਉਮਾ, ਭਵਾਨੀ, ਪਾਰਬਤੀ, ਕਾਲੀ ਆਦਿਕ) ਨੂੰ ਹੀ ਬ੍ਰਹਮ–ਸੱਤਾ ਮੰਨਦੇ ਸਨ। ਆਦਿ ਗ੍ਰੰਥ ਦੇਵੀ ਦੇਵਤਿਆਂ ਨੂੰ ਮਾਇਆ ਦਾ ਮੂਲ ਸਮਝ ਕੇ ਇਸ ਭਾਵ ਨੂੰ ਸਵੀਕਾਰ ਨਹੀਂ ਕਰਦਾ। ਬ੍ਰਹਮਾ ਦੀਆਂ ਭਿੰਨ–ਭਿੰਨ ਸ਼ਕਤੀਆਂ ਨੂੰ ਬ੍ਰਹਮ ਕਹਿਣਾ ਠੀਕ ਨਹੀਂ। ਇਹ ਸ਼ਕਤੀਆਂ ਕਰਤਾ ਦੇ ਹੁਕਮ ਅਨੁਸਾਰ ਚਲਦੀਆਂ ਹਨ। ਗੁਰੂ ਅਮਰਦਾਸ ਜੀ ਦਾ ਬਚਨ ਹੈ :

                   ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ ।।

                                                                             (ਰਾਮਕਲੀ ਮ. ੩ ਅਨੰਦੁ)

          ਨਾਥਾਂ ਅਤੇ ਜੋਗੀਆਂ ਦੀ ਜੀਵਨ–ਜੁਗਤ ਸਬੰਧੀ ਵੀ ਆਦਿ ਗ੍ਰੰਥ ਵਿਚ ਕਰੜੀ ਆਲੋਚਨਾ ਮਿਲਦੀ ਹੈ। ਉਨ੍ਹਾਂ ਦੇ ਸ਼ਬਦ ਭੰਡਾਰ ਦੀ ਵਰਤੋਂ ਇਕ ਨਵੇਂ ਤੇ ਨਵੇਕਲੇ ਰੂਪ ਵਿਚ ਕੀਤੀ ਗਈ ਹੈ। ਗੁਰੂ ਨਾਨਕ ਦੇਵ ਜੀ ਦੀ ਰਚਨਾ ‘ਸਿਧਗੋਸਟਿ’ ਵਿਚ ਗੁਰਮਤਿ ਅਤੇ ਜੋਗ ਮੱਤ ਦਾ ਤੁਲਨਾਤਮਕ ਅਧਿਐਨ ਮਿਲਦਾ ਹੈ।

          ਆਦਿ ਗ੍ਰੰਥ ਵਿਚ ਗੋਰਖ, ਮਛੰਦਰ, ਚਰਪਟ ਅਤੇ ਲਹੁਰੀਪਾ ਪ੍ਰਸਿੱਧ ਜੋਗੀਆਂ ਦੇ ਨਾਂ ਮਿਲਦੇ ਹਨ। ਇਹ ਜੋਗੀ ਇਤਿਹਾਸਕ ਵਿਅਕਤੀ ਸਨ। ਆਦਿ ਗ੍ਰੰਥ ਵਿਚ ਇਨ੍ਹਾਂ ਦਾ ਨਾਂ ਕੇਵਲ ਇਨ੍ਹਾਂ ਦੇ ਮੱਤ (ਵਿਚਾਰਾਂ) ਨੂੰ ਪਰਗਟ ਕਰਨ ਲਈ ਹੀ ਵਰਤਿਆ ਗਿਆ ਹੈ। ਇਸਲਾਮ ਬਾਰੇ ਵੀ ਆਦਿ ਗ੍ਰੰਥ ਵਿਚ ਕਈ ਵਿਚਾਰ ਮਿਲਦੇ ਹਨ। ਹਿੰਦੂ ਮੱਤ ਦੇ ਕਰਮ–ਕਾਂਡ ਵਾਂਗੂੰ ਹੀ ਮੁਸਲਮਾਨਾਂ ਦਾ ਕਰਮ ਕਾਂਡ ਵੀ ਆਦਿ ਗ੍ਰੰਥ ਵਿਚ ਪਰਵਾਨ ਨਹੀਂ ਕੀਤਾ ਗਿਆ। ਇਕ ਮੁਸਲਮਾਨ ਸਾਧਕ ਜਦੋਂ ਤਰੀਕਤ ਉੱਤੇ ਚਲਦਾ ਹੈ ਤਾਂ ਉਸਨੂੰ ‘ਮਾਰਫ਼ਤ’ ਅਤੇ ‘ਹਕੀਕਤ’ ਦੀ ਤਾਂਘ ਹੁੰਦੀ ਹੈ। ਗੁਰੂ ਅਰਜਨ ਦੇਵ ਜੀ ਨੇ ਆਪਣੇ ਇਕ ਸ਼ਬਦ ਵਿਚ ਇਨ੍ਹਾਂ ਬਾਰੇ ਆਪਣੇ ਵਿਚਾਰ ਦਿੱਤੇ ਹਨ :–

          ਸਰਾ ਸਰੀਅਤਿ ਲੇ ਕੰਮਾਵਹੁ ।। ਤਰੀਕਤਿ ਤਰਕ ਖੋਜਿ ਟੋਲਾਵਹੁ।।

          ਮਾਰਫਤਿ ਮਨੁ ਮਾਰਹੁ ਅਬਦਾਲਾ ਮਿਲਹੁ ਹਕੀਕਤਿ ਜਿਤੁ ਫਿਰ ਨ ਮਰਾ ।।

                                                                                      (ਮਾਰੂ ਮ. ੫)

          ਕੁਝ ਈਸਾਈ ਪ੍ਰਚਾਰਕਾਂ ਨੇ ਆਦਿ ਗ੍ਰੰਥ ਵਿਚ ਈਸਾਈ ਮੱਤ ਦੇ ਪ੍ਰਭਾਵ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਨ੍ਹਾਂ ਵਿਚਾਰਾਂ ਦਾ ਆਧਾਰ ਕੋਈ ਨਹੀਂ।

          ਵਰਣਾਂ ਅਤੇ ਆਸ਼ਰਮਾਂ ਵਿਚ ਵੰਡਿਆ ਹੋਣ ਕਰਕੇ ਹਿੰਦੂ ਧਰਮ ਵਿਚ ਹਰ ਵਰਣ ਅਤੇ ਹਰ ਆਸ਼ਰਮ ਲਈ ਸਦਾਚਾਰ ਨੀਤੀ ਨਿਸ਼ਚਿਤ ਸੀ। ਆਦਿ ਗ੍ਰੰਥ ਵਿਚ ਇਸ ਸਦਾਚਾਰ ਨੀਤੀ ਦੀਆਂ ਤਰੁੱਟੀਆਂ ਵੱਲ ਇਸ਼ਾਰਾ ਕਰ ਕੇ ਸੰਤ ਕਵੀਆਂ ਨੇ ਆਪਣੇ ਵਿਚਾਰਾਂ ਅਨੁਸਾਰ ਇਕ ਵਿਸ਼ੇਸ਼ ਸਦਾਚਾਰ ਲਈ ਸੰਸਾਰਕ ਘੋਲ ਵਿਚ ਪੈਣ ਅਤੇ ਉੱਦਮ ਕਰਨ ਦਾ ਸਾਹਸ ਦਿੱਤਾ ਹੈ। ਇਸਦਾ ਆਦਰਸ਼ ਪਰਮ–ਆਤਮਾ ਦੀ ਪ੍ਰਾਪਤੀ ਹੈ। ਇਸ ਲਈ ਉਹ ਕਰਮ ਜੋ ਆਤਮਾ ਅਤੇ ਪਰਮ–ਆਤਮਾ ਦੇ ਮੇਲ ਵਿਚ ਸਹਾਇਕ ਹੁੰਦੇ ਹਨ, ਠੀਕ ਕਰਮ ਹਨ. ਪਰ ਇਨ੍ਹਾਂ ਵਿਚ ਕਰਮ ਕਾਂਡ ਜਾਂ ਖਟ ਕਰਮ ਜਾਂ ਦਵਾਦਸ ਕਰਮ ਨਹੀਂ ਆਉਂਦੇ। ਇਹ ਕਰਬਮ ਜਾਂ ਤਾਂ ਸਦਾਚਾਰਕ ਗੁਣ ਹਨ ਜਾਂ ਉਹ ਜੋ ਇਹ ਗੁਣ ਪੈਦਾ ਕਰਨ ਵਿਚ ਸਹਾਇਕ ਹੁੰਦੇ ਹਨ। ਆਦਿ ਗ੍ਰੰਥ ਕੇਵਲ ਨਾਮ ਦੇ ਸਿਮਰਨ ਤੇ ਜ਼ੋਰ ਦਿੰਦਾ ਹੈ। ਇਸ ਲਈ ਉਪਾਸਨਾ ਵਾਲੇ ਹੋਰ ਸਭ ਕਰਮ ਮਨ੍ਹਾਂ ਹਨ।

          ਆਦਿ ਗ੍ਰੰਥ ਦੀ ਸਦਾਚਾਰ ਨੀਤੀ ਦੀਆਂ ਕੁਝ ਉਦਾਹਰਣਾ :–

          (1)     ਫਕੜ ਜਾਤੀ ਫਕੜੁ ਨਾਉ॥ ਸਭਨਾ ਜੀਆ ਇਕਾ ਛਾਉ॥

                                                                   (ਸਿਰੀ ਰਾਗ ਕੀ ਵਾਰ ਸਲੋਕ ਮ. ੧)

          (2)     ਘਾਲਿ ਖਾਇ ਕਿਛੁ ਹਥਹੁ ਦੇਹਿ ॥ ਨਾਨਕ ਰਾਹੁ ਪਛਾਣਹਿ ਸੇਇ ॥

                                                                             (ਸਾਰੰਗ ਕੀ ਵਾਰ ਮ. ੫)

          (3)     ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ ॥

                                                                             (ਸਲੋਕ ਭਗਤ ਕਬੀਰ)

          (4)     ਖੰਡਿਤ ਨਿਦ੍ਰਾ ਅਲਪ ਅਹਾਰੰ ॥

                                                                             (ਰਾਮਕਲੀ ਮ. ੧)

          (5)     ਬਹੁਤਾ ਬੋਲਣ ਝਖਣ ਹੋਇ ॥

                                                                   (ਧਨਾਸਰੀ ਮ. ੧)

          (6)     ਵਿਚਿ ਦੁਨੀਆ ਸੇਵ ਕਮਾਈਐ ॥ ਤਾ ਦਰਗਹ ਬੈਸਣੁ ਪਾਈਐ ॥

                                                                             (ਸਿਰੀ ਰਾਗੁ ਮ. ੧)

          ਆਦਿ ਗ੍ਰੰਥ ਵਿਚ ਪ੍ਰਗਟਾਇਆ ਧਰਮ ਅਮਲੀ ਅਤੇ ਸਰਬ–ਸਾਂਝਾ ਧਰਮ ਹੈ। ਇਹ ਦਾਰਸ਼ਨਿਕ ਗ੍ਰੰਥ ਨਹੀਂ ਸਗੋਂ ਇਸਦੇ ਪਿਆਰ ਅਤੇ ਭਗਤੀ ਨਾਲ ਭਰੇ ਹੋਏ ਗੀਤਾਂ ਵਿਚੋਂ ਦਰਸ਼ਨ ਪਰਗਟ ਹੁੰਦਾ ਹੈ। ਸੱਚ, ਸੰਤੋਖ, ਨਿਮਰਤਾ, ਪਰਮਾਤਮਾ ਦਾ ਪਿਤਾ ਸਮਾਨ ਹੋਣਾ, ਮਨੁੱਖ ਦਾ ਭਰਾਤਰੀ–ਭਾਵ, ਸੰਜਮ, ਦਇਆ, ਤਨ ਅਤੇ ਮਨ ਦੀ ਪਵਿੰਤਰਤਾ, ਆਤਮਾ ਅਤੇ ਪਰਮ–ਆਤਮਾ ਦੀ ਖੋਜ, ਮਰਦ ਅਤੇ ਇਸਤਰੀ ਦੀ ਬਰਾਬਰੀ, ਸੇਵਾ, ਖਾਣ ਅਤੇ ਪਹਿਨਣ ਦੀ ਖੁੱਲ੍ਹ–ਇਹ ਸਭ ਗੱਲਾਂ ਆਦਿ ਗ੍ਰੰਥ ਵਿਚ ਪਰਗਟ ਕੀਤੇ ਗਏ ਧਰਮ ਨੂੰ ਸਰਬ–ਸੰਸਾਰਕ ਧਰਮ ਬਣਾਉਂਦੀਆਂ ਹਨ। ਗ੍ਰਹਿਸਥ ਦਾ ਜੀਵਨ ਗੁਜ਼ਾਰਨ ਉੱਤੇ ਜ਼ੋਰ ਦੇਣਾ ਅਤੇ ਤਿਆਰਗ ਦਾ ਖੰਡਨ ਕਰਨਾ ਆਦਿ ਗੱਲਾਂ ਕਰਕੇ ਇਹ ਇਕ ਅਮਲੀ ਧਰਮ ਹੈ। ਇਹ ਵੇਦਾਂ, ਸ਼ਾਸਤਰਾਂ ਅਤੇ ਪੁਰਾਣਾਂ ਨੁੰ ਪਰਮਾਣੀਕ ਨਹੀਂ ਮੰਨਦਾ। ਸ਼ੰਕਰਾਚਾਰੀਆ ਅਤੇ ਰਾਮਾਨੁਜ ਦੇ ਬ੍ਰਹਮ ਸੂਤਰਾਂ ਦੇ ਭਾਵ ਅਰਥ ਨੂੰ ਕੁਝ ਹੱਦ ਤਕ ਸਵੀਕਾਰ ਕਰਦਾ ਹੈ। ਪੁਰਾਣਾਂ ਅਤੇ ਤੰਤਰਾਂ ਵੱਲੋਂ ਪ੍ਰਚਾਰੀ ਗਈ ਬੁਤ–ਪੂਜਾ ਦਾ ਇਹ ਕੱਟਣ ਵਿਰੋਧੀ ਹੈ। ਨਾ ਇਹ ਹਿੰਦੂ ਧਰਮ ਦਾ ਇਕ ਫ਼ਿਰਕਾ ਹੈ ਅਤੇ ਨਾ ਹੀ ਇਸਲਾਮ ਦਾ। ਇਹ ਸੰਜੋਗਾਤਮਕ ਹੁੰਦਾ ਹੋਇਆ ਦੋਹਾਂ ਧਰਮਾਂ ਦੇ ਚੰਗੇ ਭਾਵਾਂ ਨੁੰ ਗ੍ਰਹਿਣ ਕਰਦਾ ਹੈ।

          ਆਦਿ ਗ੍ਰੰਥ ਅਨੁਸਾਰ ਪਰਮਾਤਮਾ ਇਕ ਅਤੇ ਅਨਾਦੀ ਹੈ। ਉਹ ਕਰਤਾ ਪੁਰਖ ਹੈ, ਪ੍ਰਕਿਰਤੀ ਉਸ ਦੀ ਪੈਦਾ ਕੀਤੀ ਹੋਈ ਹੈ। ਇਸ ਲਈ ਤਿੰਨ ਗੁਣ ਉਸ ਦੀ ਰਚਨਾ ਹਨ। ਉਹ ਜੀਵ–ਪੁਰਸ਼ਾਂ ਤੋਂ ਇਸ ਗੱਲ ਵਿਚ ਭਿੰਨ ਹੈ ਕਿ ਉਹ ਆਦਿ ਪੁਰਖ ਹੈ, ਸਤਿ ਪੁਰਖ ਹੈ, ਕਰਤਾ ਪੁਰਖ ਹੈ, ਅਕਾਲ ਪੁਰਖ ਹੈ ਅਤੇ ਨਿਰੰਜਨ ਪੁਰਖ ਹੈ। ਉਹ ਨਿਰਭਉ, ਨਿਰਵੈਰ, ਅਜੂਨੀ, ਸੈਭੰ ਹੈ। ਉਹ ਨਿਰਗੁਣ ਵੀ ਹੈ ਤੇ ਸਰਗੁਣ ਵੀ। ਸੰਸਾਰ–ਰਚਨਾ ਤੋਂ ਪਹਿਲਾਂ ਉਹ ਸੁੰਨ ਸਮਾਧੀ ਵਿਚ ਲੀਨ ਸੀ। ਉਹ ਹੀ ਬ੍ਰਹਮ ਹੈ ਤੇ ਉਹ ਹੀ ਈਸ਼ਵਰ। ਉਪਜਾਉਣਾ, ਪਾਲਣਾ ਅਤੇ ਸੰਘਾਰਨਾ ਉਸ ਦੀਆਂ ਹੀ ਤਿੰਨ ਸ਼ਕਤੀਆਂ ਹਨ ਜਿਨ੍ਹਾਂ ਨੂੰ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦਾ ਨਾਂ ਦਿੱਤਾ ਗਿਆ ਹੈ। ਉਹ ਸਰਬ–ਵਿਆਪੀ ਅਤੇ ਸਰਬ–ਸ਼ਕਤੀਮਾਨ ਹੈ। ਹਰ ਰੰਗ ਵਿਚ ਉਹ ਆਪ ਹੀ ਵਰਤ ਰਿਹਾ ਹੈ। ਗੁਰੂ ਅਰਜਨ ਦੇਵ ਜੀ ਦਾ ਬਚਨ ਹੈ :

                   ਬ੍ਰਹਮ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ ॥

                                                                                      (ਬਿਲਾਵਲੁ ਮਹਲਾ ੫)

          ਉਹ ਪੂਰਨ, ਗੁਣ–ਨਿਧਾਨ, ਬੇਮੁਹਤਾਜ, ਅਭੁੱਲ, ਅਡੋਲ, ਅਛੱਲ , ਅਛੇਦ, ਅਮਲੋਕ, ਪਾਵਨ, ਜੋਤ–ਸਰੂਪ, ਸੁੰਦਰ, ਆਪੇ–ਆਪ, ਦਾਨਾਬੀਨਾ, ਅਗਾਧਿ, ਅਪਾਰ, ਅਮਿਤ, ਵਰਨਾਂ–ਚਿਹਨਾਂ ਤੋਂ ਬਾਹਰ, ਸਭ ਕੁਝ ਹੈ। ਉਹਦੇ ਅਣਗਿਣਤ ਨਾਂ ਹਨ ਪਰ ਉਸਦਾ ਸਭ ਤੋਂ ਵਿਸ਼ੇਸ਼ ਨਾਂ ਸਤਿਨਾਮ ਹੈ ਜਿਹੜਾ ਉਸਦੀ ਸਦੀਵੀ ਹੋਂਦ ਨੂੰ ਪਰਗਟ ਕਰਦਾ ਹੈ। ਉਹ ਆਪ ਸਤਿਨਾਮ ਹੈ ਅਤੇ ਉਸਦਾ ਰਚਿਆ ਜਗਤ ਵੀ ਸਤਿ ਹੈ ਕਿਉਂਕਿ ਇਹ ਸੱਚੇ ਦਾ ਨਿਵਾਸ–ਅਸਥਾਨ ਹੈ। ਇਹ ਜਗਤ ਅਨੰਤ ਹੈ ਜਿਸ ਵਿਚ ਲੱਖਾਂ ਕਰੋੜਾਂ ਆਕਾਸ਼ ਪਾਤਾਲ ਹਨ।

          ਆਦਿ ਗ੍ਰੰਥ ਅਨੁਸਾਰ ਮਾਇਆ ਸਰਪਣੀ ਵੀ ਪਾਰਬ੍ਰਹਮ ਦੀ ਕੀਤੀ ਹੋਈ ਹੈ :–

          ਇਹ ਸ੍ਰਪਨੀ ਤਾਕੀ ਕੀਤੀ ਹੋਈ ॥

          ਬਲੁ ਅਬਲੁ ਕਿਆ ਇਸਤੇ ਹੋਈ ॥

                                                                   (ਆਸਾ ਕਬੀਰ ਜੀਓ)

          ਗੁਰੂ ਅਮਰਦਾਸ ਜੀ ਦੇ ਸ਼ਬਦਾਂ ਵਿਚ ਉਹ ਸਭ ਕੁਝ ਮਾਇਆ ਹੈ ਜਿਸ ਨਾਲ ਲੱਗ ਕੇ ਅਸੀਂ ਪਾਰਬ੍ਰਹਮ ਨੂੰ ਵਿਸਾਰ ਦਿੰਦੇ ਹਾਂ :–

          ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ॥

                                                                                      (ਅਨੰਦੁ)

          ਜੀਵਾਤਮਾ ਮਾਇਆ ਵਿਚ ਖੁਭ ਕੇ ਚੁਰਾਸੀ ਦੇ ਗੇੜ ਵਿਚ ਪੈ ਜਾਂਦੀ ਹੈ। ਜੀਵਾਤਮਾ ਪਾਰਬ੍ਰਹਮ ਦਾ ਰੂਪ ਹੈ ਅਤੇ ਉਸ ਵਾਂਗ ਹੀ ਅਮਰ ਹੈ। ਇਸ ਬਾਰੇ ਗੁਰੂ ਅਰਜਨ ਦੇਵ ਜੀ ਲਿਖਦੇ ਹਨ :

          ਅਚਰਜ ਕਥਾ ਮਹਾ ਅਨੂਪ ॥ ਪ੍ਰਾਤਮਾ ਪਾਰਬ੍ਰਹਮ ਕਾ ਰੂਪੁ॥

                                                                             (ਗੋਂਡ ਮ. ੫)

          ਮਰਣਹਾਰੁ ਇਹੁ ਜੀਅਰਾ ਨਾਹੀ ॥

                                                                                      (ਗਉੜੀ ਮ. ੫)

          ਜੀਵਾਤਮਾ ਨੂੰ ਮਾਇਆ ਦੇ ਬੰਧਨ ਵਿਚ ਪਾਉਣ ਵਾਲਾ ਮਨ ਹੈ ਜੋ ਬੁੱਧੀ ਨੂੰ ਵੀ ਆਪਣੀ ਤਾਬਿਆ ਹੇਠ ਕਰ ਲੈਂਦਾ ਹੈ। ਇਸ ਅਗਿਆਨਤਾ ਵਿਚ ਜੀਵਾਤਮਾ ਜਿੰਨੇ ਵੀ ਕਰਮ ਕਰਦੀ ਹੈ, ਉਹ ਉਸਦੇ ਬੰਧਨ ਨੂੰ ਪਕੇਰਾ ਕਰਦੇ ਹਨ ਅਤੇ ਉਸਨੂੰ ਆਵਾਗਾਉਣ ਤੋਂ ਛੁਟਕਾਰਾ ਪਾਉਣਾ ਔਖਾ ਹੋ ਜਾਂਦਾ ਹੈ। ਜਨਮ–ਮਰਨ ਦੇ ਗੇੜ ਤੋਂ ਮੁਕਤ ਹੋਣ ਲਈ ਸਤਿਗੁਰੂ ਨੂੰ ਮਿਲਣ ਦੀ ਲੋੜ ਹੈ। ਮਨੁੱਖ–ਜੀਵਨ ਦਾ ਮੁੱਖ ਪ੍ਰਯੋਜਨ ਬ੍ਰਹਮ ਨੂੰ ਪ੍ਰਾਪਤ ਕਰਨਾ ਹੈ ਤੇ ਇਹ ਕੰਮ ਕੇਵਲ ਸਤਿਗੁਰੂ ਰਾਹੀਂ ਹੀ ਹੋ ਸਕਦਾ ਹੈ ਪਰ ਸਤਿਗੁਰੂ ਨਾਲ ਮਿਲਾਪ ਉਦੋਂ ਹੀ ਹੁੰਦਾ ਹੈ ਜਦੋਂ ਪਾਰਬ੍ਰਹਮ ਦੀ ਪੂਰਨ ਕਿਰਪਾ ਹੁੰਦੀ ਹੈ। ਕਰਮਾਂ ਦੇ ਕਾਰਨ ਅਸੀਂ ਸਰੀਰ ਧਾਰਨ ਕਰਦੇ ਹਾਂ ਪਰ ਮੁਕਤੀ ਦਾ ਦਰਵਾਜ਼ਾ ਕੇਵਲ ‘ਨਦਰਿ’ ਨਾਲ ਲੰਘਿਅਠਾ ਜਾ ਸਕਦਾ ਹੈ। ਇਸ ‘ਨਦਰਿ’ ਨਾਲ ਹੀ ਅਸੀਂ ਚੰਗੇ ਕਰਮ ਕਰਦੇ ਹਾਂ ਅਤੇ ਸਤਿਗੁਰੂ ਨਾਲ ਮੇਲ ਹੁੰਦਾ ਹੈ। ਸਤਿਗੁਰੂ ਕੋਲੋਂ ਨਾਮ ਦੀ ਦਾਤ ਮਿਲਦੀ ਹੈ। ਇਸ ਨਾਮ ਦੇ ਸਿਮਰਨ ਨਾਲ ਅਸੀਂ ਕਾਇਆ ਅੰਦਰ ਲੁਕਵੇਂ ਖਜ਼ਾਨੇ ਲਭ ਲੈਂਦੇ ਹਾਂ। ਗੁਰਬਾਣੀ ਦਾ ਪ੍ਰਕਾਸ਼ ਸਭ ਹਨੇਰਿਆਂ ਨੂੰ ਦੂਰ ਕਰਨ ਵਾਲਾ ਹੈ। ਨਾਮ ਬਾਰੇ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ :

          ਸਰਬ ਧਰਮ ਮਹਿ ਸ੍ਰੇਸ਼ਟ ਧਰਮੁ ॥

          ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ (ਸੁਖਮਨੀ)

          ਨਾਮ ਮਨ ਦੀ ਮੈਲ ਨੂੰ ਕੱਟ ਦਿੰਦਾ ਹੈ। ਨਾਮ ਵਾਲਾ ਮਾਰਗ ਹੀ ਸੁਰਤ–ਸ਼ਬਦ ਯੋਗ ਜਾਂ ਭਗਤੀ ਮਾਰਗ ਹੈ। ਸਾਧ–ਸੰਗਤ ਵਿਚ ਇਹ ਭਗਤੀ ਭਾਵ ਤੀਖਣ ਹੁੰਦਾ ਹੈ ਅਤੇ ਪਰਮ–ਆਨੰਦ ਪ੍ਰਾਪਤ ਕਰਨ ਦਾ ਕਾਰਨ ਬਣਦਾ ਹੈ।

          ਪ੍ਰੇਮ ਭਗਤਿ ਨਾਨਕ ਸੁਖੁ ਪਾਇਆ ਸਾਧੂ ਸੰਗਿ ਸਮਾਈ ॥

                                                                                      (ਆਸਾ ਮ. ੫)

          ਪਰਮ–ਆਨੰਦ ਦੀ ਅਵਸਥਾ ਨੂੰ ਹੀ ਸਹਿਜ ਅਵਸਥਾ ਜਾਂ ਚੌਥਾ ਪਦ ਕਿਹਾ ਗਿਆ ਹੈ। ਜਗਿਆਸੂ ਸਾਧ–ਸੰਗ ਵਿਚ ਨਾਮ ਜਪਦਾ ਹੋਇਆ ਬ੍ਰਹਮ–ਗਿਆਨੀ ਅਤੇ ਜੀਵਨ–ਮੁਕਤ ਦੀ ਪਦਵੀ ਪ੍ਰਾਪਤ ਕਰ ਲੈਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਆਤਮਕ ਵਿਕਾਸ ਦੀਆਂ ਪੰਜ ਅਵਸਥਾਵਾਂ ਮੰਨੀਆਂ ਹਨ। ਧਰਮ ਖੰਡ ਤੋਂ ਉੱਠ ਕੇ ਸੱਚ ਖੰਡ ਤਕ ਜਾਣ ਲਈ ਗਿਆਨ ਖੰਡ, ਸਰਮ ਖੰਡ ਅਤੇ ਕਰਮ ਖੰਡ ਵਿਚੋਂ ਲੰਘਣਾ ਪੈਂਦਾ ਹੈ। ਅਨੰਤ ਬ੍ਰਹਮ ਦੀ ਰਚੀ ਅਨੰਤ ਸ੍ਰਿਸ਼ਟੀ ਇਨ੍ਹਾਂ ਖੰਡਾਂ ਵਿਚ ਵਿਦਮਾਨ ਹੈ। ਪਿੰਡ ਵਿਚ ਵਸਦੀ ਜੀਵਾਤਮਾ ਬ੍ਰਹਿਮੰਡ ਵਿਚ ਵਸਦੇ ਪਾਰਬ੍ਰਹਮ ਨਾਲ ਰੱਬੀ–ਬਖ਼ਸ਼ਿਸ਼ ਅਤੇ ਗੁਰੂ –ਬਖ਼ਸ਼ਿਸ਼ ਤੋਂ ਪੈਦਾ ਹੋਏ ਉੱਦਮ ਦੇ ਕਾਰਨ ਇਕਸੁਰ ਹੋ ਜਾਂਦੀ ਹੈ। ਜੋਤੀ ਜੋਤ ਨਾਲ ਮਿਲ ਜਾਂਦੀ ਹੈ। ਸੱਚ–ਆਤਮਾ, ਸੱਚ ਪਰਮ–ਆਤਮਾ ਵਿਚ ਲੀਨ ਹੋ ਜਾਂਦੀ ਹੈ। ਇਹ ਉਦੋਂ ਹੀ ਹੁੰਦਾ ਹੈ ਜਦੋਂ

          ਨਉ ਦਰ ਠਾਕੇ ਧਾਵਤੁ ਰਹਾਏ ॥ ਦਸਵੈ ਨਿਜ ਘਰਿ ਵਾਸਾ ਪਾਏ ॥

          ਓਥੇ ਅਨਹਦ ਸਬਦ ਵਜਹ ਦਿਨੁ ਰਾਤੀ ਗੁਰਮੀ ਸਬਦੁ ਸੁਣਾਵਣਿਆ ॥

                                                                                      (ਮਾਝ ਮ. ੩)

     


ਲੇਖਕ : ਸੁਰਿੰਦਰ ਸਿੰਘ ਕੋਹਲੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 11573, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.